ਗ਼ਜ਼ਲ
ਰੋਕੋ ਨਾ ਜੋਗੀਆਂ ਨੂੰ, ਇਹ ਪੰਛੀ ਨੇ ਡਾਰ ਦੇ।
ਮਾਰਨ ਇਨ੍ਹਾਂ ਨੂੰ ਹਾਕ ਜੋ, ਸੁਪਨੇ ਨੇ ਪਾਰ ਦੇ।
----
ਪਹਿਲੋਂ ਪਲਕ ਪਲਕ ‘ਚੋਂ ਉਗਾ ਤ੍ਰੇਲ ਦਾ ਦਰਖਤ,
ਫਿਰ ਬੂੰਦ ਬੂੰਦ ਵਿਚ ਲਹੂ ਮਨ ਦਾ ਉਤਾਰਦੇ।
----
ਪਥਰਾਂ ਦੇ ਇਸ ਨਗਰ ‘ਚ ਜੇ ਕਟਣੇ ਨੇ ਚਾਰ ਦਿਨ,
ਸ਼ੀਸ਼ੇ ਨ ਲੈ ਕੇ ਘੁੰਮ ਇਉਂ ਅਪਣੇ ਵਿਚਾਰ ਦੇ।
----
ਲੈ ਡੁੱਬੀ ਮੈਨੂੰ ਅਪਣੀਓ ਆਵਾਜ਼ ਦੀ ਸਲੀਬ,
ਡੁੱਬੇ ਨੂੰ ਵੀ ਮਸ਼ਾਲਚੀ ਹਾਕਾਂ ਨੇ ਮਾਰਦੇ।
----
ਤੈਨੂੰ ਜੇ ਇਕ ਕਣੀ ਵੀ ਮਿਲ਼ੇ ਮਨ ਦੇ ਨੂਰ ਦੀ,
ਇਸ ਕਣੀ ਤੋਂ ਸੈਂਕੜੇ ਸੂਰਜ ਵੀ ਵਾਰ ਦੇ।
----
ਧੜਕਣ ਹੀ ਸੀ ਦਿਲਾਂ ਦੀ ਰਸੀਲੀ, ਨਹੀਂ ਤਾਂ ਇਉਂ,
ਦੇਂਦੇ ਨਾ ਤਾਲ ਝੂਮ ਕੇ ਪੱਤੇ ਚਨਾਰ ਦੇ।
----
ਸੜਨਾ ਸੀ ਜੇ ਇਕਾਂਤ ਦੇ ਭਾਂਬੜ ‘ਚ ਇਉਂ ਤੁਸੀਂ,
ਕੁਝ ਸੋਚ ਕੇ ਤਾ ਮੋਮ ਦੇ ਕਮਰੇ ਉਸਾਰਦੇ।
----
ਕਿੱਥੇ ਨੇ ਸਿਰਫਿਰੇ ਜੋ ਮਸੀਹੇ ਦੀ ਭਾਲ਼ ਵਿਚ,
ਅਪਣੀ ਹੀ ਮੌਤ ਨੂੰ ਕਿਤੋਂ ਮੁੜ ਮੁੜ ਪੁਕਾਰਦੇ।
----
ਪੱਥਰ ਹਵਾ ਨੂੰ ਮਾਰ ਕੇ ਤਿੜਦੇ ਰਹੇ ਜੋ ‘ਤਖ਼ਤ’,
ਉਹ ਜ਼ਿੰਦਗੀ ਦੀ ਖੇਡ ਨੂੰ ਕਿੱਦਾਂ ਨ ਹਾਰਦੇ?
No comments:
Post a Comment