ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 15, 2009

ਦਰਸ਼ਨ ਦਰਵੇਸ਼ - ਨਜ਼ਮ

ਆਪਣੀ ਗੈਰਹਾਜ਼ਰੀ ਵੇਲ਼ੇ

ਨਜ਼ਮ

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਉਂਝ ਮੈਂ ਸੁਣਿਐ

ਉਹ ਆਪਣੇ ਕੁੱਝ ਕੁ ਦੋਸਤਾਂ ਕੋਲ਼ ਜ਼ਰੂਰ ਜਾਂਦੈ

ਅੱਥਰੂ ਕੇਰਦੈ

ਅਤੇ ਆਪਣੇ ਨਸੀਬਾਂ ਦੀ ਵਹੀ ਉੱਪਰ ਦਸਤਖ਼ਤ ਕਰਕੇ

ਅੱਧਾ ਕੁ ਬਣਕੇ ਵਾਪਸ ਪਰਤ ਆਉਂਦੈ

ਅਤੇ ਇਕੱਲਾ ਬੈਠਕੇ.......

ਰੇਗਿਸਤਾਨ ਚ ਮੱਚ ਮੋਈ

ਸਿਖ਼ਰ ਦੁਪਹਿਰ ਦਾ ਮਰਸੀਆ ਗਾਉਂਦੈ

ਆਪਣੇ ਵਹਿ ਚੁੱਕੇ

ਵਰ੍ਹਿਆਂ ਕੋਲ਼ ਬਾਤ ਪਾਉਂਦੈ

----

ਮੇਰਾ ਜੇ ਜ਼ਿਕਰ ਚੱਲੇਗਾ

ਤਾਂ ਏਨਾ ਕੁ ਚੱਲੇਗਾ

-ਮੁਹੱਬਤ ਮਨ ਉੱਤੇ ਸ਼ਹਿਤੂਤ ਬਣਕੇ ਫੈਲੀ ਤਾਂ ਸੀ

ਪਰ ਛਾਂ ਨਾ ਦੇ ਸਕੀ

ਅੱਖਾਂ ਸਾਹਵੇਂ ਵਹਿੰਦੀ ਨਦੀ ਚ ਡੁੱਬਿਆ ਤਾਂ ਸੀ

ਪਰ........................

ਸਿਰ ਉੱਤੋਂ ਗੁਜ਼ਰਦੇ ਪਾਣੀ ਦਾ

ਤਾਪ ਨਾ ਮਿਣ ਸਕਿਆ

----

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਉਂਝ ਮੈਂ ਕੋਲ਼ ਬਹਿਕੇ ਤੱਕਿਐ

ਉਹ ਆਪਣੇ ਮਨ ਦੇ ਸੰਘਣੇ ਜੰਗਲ ਚ ਗੁਆਚਿਆ ਰਹਿੰਦੈ

ਬਿਰਖਾਂ ਦੀਆਂ ਪਪੀਸੀਆਂ ਉੱਤੇ ਵੈਣ ਲਿਖਕੇ

ਇਹੀਉ ਡੁਸਕਦਾ ਰਹਿੰਦੈ

ਆਪਣੇ ਹੀ ਮਨ ਦੀ ਧੁੱਪ

ਦੁਸ਼ਮਣ ਕਿਉਂ ਬਣ ਜਾਂਦੀ ਐ

ਆਪਣੇ ਹੀ ਵਿਹੜੇ ਦੀ ਛਾਂ

ਆਪ ਨੂੰ ਹੀ ਕਿਉਂ ਖਾਂਦੀ ਐ

ਅਤੇ

ਉਦਾਸੀ ਰੰਗੇ ਪੱਤਿਆਂ ਨੂੰ ਦੱਸਣ ਲੱਗ ਪੈਂਦੈ

----

ਮੇਰਾ ਜੇ ਜ਼ਿਕਰ ਚੱਲੇਗਾ

ਤਾਂ ਏਨਾ ਕੁ ਚੱਲੇਗਾ

-ਉਹ ਹਰ ਰਾਤ

ਸਿਵਿਆ ਚ ਖੋਦੀ ਇੱਕ ਕਬਰ ਤੇ ਜਾਂਦਾ ਸੀ

ਅਤੇ

ਉਸ ਉੱਤੇ ਖੁਣੇ

ਇੱਕ ਮਾਸੂਮ ਜਿਹੇ ਨਾਮ ਤੋਂ ਪੁੱਛਦਾ ਸੀ

-ਸਬਰ ਵੀ ਨਾ ਕੀਤਾ ਗਿਆ

ਤੇ ਘੁੱਟ ਵੀ ਨਾ ਭਰਿਆ ਗਿਆ

ਹਥੇਲੀਆਂ ਦੇ ਪਾਣੀ ਨੂੰ

ਇੰਝ ਹੀ ਸੁੱਤੇ ਰਹਿਣਾ ਚਾਹੀਦਾ ਸੀ

ਦਲਦਲ ਬਣਕੇ

ਉਸਨੇ ਮੇਰੇ ਨਾਲ ਇਨਸਾਫ਼ ਨਈਂ ਕੀਤਾ

----

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਉਂਝ ਮੈਂ ਕੋਲ ਬਹਿਕੇ ਦੇਖਿਐ

ਉਹ ਆਪਣੀ ਹਰ ਰਾਤ ਦੇ ਵਕਤ ਨਾਲ਼ ਕਿਰਦਾ ਰਹਿੰਦੈ

ਕੱਫ਼ਣ ਵਰਗੀ ਰਾਤ ਦੇ ਜਦੋਂ ਮਰਗ ਤੇ ਬਹਿੰਦੈ

ਤਾਂ ਭੁਰਦੀਆਂ ਕੰਧਾਂ ਵੱਲ ਵੇਖਕੇ ਇਹੋ ਸੋਚਦੈ....

...............................

-ਜ਼ਿੰਦਗੀ

ਪੌਣ ਚ ਪਰੋਈ ਇਬਾਰਤ ਦਾ ਨਾਂ ਹੈ

ਜਾਂ ਕਿ-

ਜਿਸਮ ਤੇ ਜਿਊਂਏ ਤੂਫ਼ਾਨਾਂ ਦੀ ਪਹਿਲੀ ਚੀਕ

ਤੇ ਫਿਰ ਉਦਾਸੀ ਚ ਸਿਰ ਸੁੱਟਕੇ ਦੱਸਣ ਲੱਗ ਪੈਂਦੈ

-ਆਮਦ ਤਾਂ ਖ਼ਤਾਂ ਦੀ ਵੀ ਤੂਫ਼ਾਨਾਂ ਵਰਗੀ ਹੁੰਦੀ ਐ

ਫਿਰ ਉਹ

ਮਨ ਦੀ ਅਮੀਰੀ ਤੱਕ ਹੀ

ਸੀਮਤ ਕਿਉਂ ਰਹਿ ਜਾਂਦੇ ਨੇ ?

..........

ਪੌਣ ਚ ਸੁੱਟਿਆ ਚਿਹਰਾ

ਝੁਲਸਕੇ ਕਿਉਂ ਪਰਤ ਆਉਂਦੈ ?

..........

ਫਿਰ ਆਪ ਹੀ ਆਖਦੈ

ਤੁਹਾਡਾ ਆਪਣਾ ਨਾਮ ਵੀ ਬਲਣ ਲੱਗ ਪਵੇਗਾ

ਤੁਸੀਂ ਕਦੇ ਆਪਣੇ ਹੱਥਾਂ ਚ ਫੜਕੇ ਤਾਂ ਦੇਖੋ

ਕਦੇ ਆਪਣੇ ਹੀ ਪੋਟਿਆਂ ਤੇ ਸੇਕ ਕੇ ਤਾਂ ਦੇਖੋ

----

ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਮੈਂ ਉਹਦਾ ਮੱਥਾ ਫੜਨ ਦੀ ਕੋਸ਼ਿਸ਼ ਤਾਂ ਕੀਤੀ ਸੀ

ਪਰ ਉਹ ਚੀਖਣ ਲੱਗ ਪਿਆ

-ਤੂੰ ਸੁਪਨੇ ਨਹੀਂ ਜੀਅ ਸਕਦਾ

ਪਰ ਮੈਂ ਜੀ ਕੇ ਦੇਖੇ ਨੇ

ਤੂੰ ਇਲਜ਼ਾਮ ਪੀ ਨਹੀਂ ਸਕਦਾ

ਪਰ ਮੈਂ ਪੀ ਕੇ ਦੇਖੇ ਨੇ

-ਤੂੰ ਲਾਡਲੇ ਫੁੱਲਾਂ ਨੂੰ ਪਾਣੀ ਲਾ ਨਹੀਂ ਸਕਦਾ

ਪਰ ਮੈਂ ਲਾਕੇ ਦੇਖੇ ਨੇ

ਤੂੰ ਮਰੂਏ ਦੇ ਬੀਅ ਉਗਾ ਨਹੀਂ ਸਕਦਾ

ਪਰ ਮੈਂ ਉਗਾ ਕੇ ਦੇਖੇ ਨੇ.. ..

----

ਉਂਝ ਮੈਂ ਉਸਨੂੰ ਜਾਂਦੇ ਨੂੰ

ਤੇ ਮਕਬਰੇ ਹੇਠ ਬਹਿੰਦੇ ਨੂੰ ਵੇਖਿਐ

ਉਹ ਅੱਜ ਵੀ ਮਕਬਰੇ ਹੇਠ ਬੈਠਦੈ

ਦੁਆਲੇ ਫੈਲੀ ਸਲਾਭੀ ਪੌਣ ਉੱਪਰ

ਆਪਣੀ ਨਦੀ ਦੀ ਨਮੀ ਪੀਣ ਦਾ ਇਲਜ਼ਾਮ ਲਾਉਂਦੈ

----

ਕਦੇ ਕਦੇ ਉੱਠਦੈ

ਦੋਸਤਾਂ ਕੋਲ ਜਾ ਆਉਂਦੈ

ਉਂਝ ਅੱਜ-ਕੱਲ੍ਹ ਉਹ ਮੈਨੂੰ ਮਿਲ਼ਦਾ ਨਹੀਂ

ਬਿਲਕੁਲ ਵੱਖਰਾ ਹੋ ਕੇ ਬੀਤਣ ਲੱਗ ਪਿਐ… ..!


6 comments:

सुभाष नीरव said...

Bahut khoob Darshan ji. Andar tak asar kar gayi aapki yeh nazam.

Rajinderjeet said...

Tuhadi nazam dhalaan ton paani de veg vaang utrdi hai,Kise suraakh chon nikldi roshni vaang raste de ud de hoye saare mitti-ghatte nu roshan kardi jaandi hai,upraam dilaan ch deevey jagaundi hai..........

ਤਨਦੀਪ 'ਤਮੰਨਾ' said...

ਦਰਦੇਸ਼ ਸਾਹਿਬ ਦੀ ਨਜ਼ਮ ਕੱਲ੍ਹ ਵੀ ਪੜ੍ਹੀ ਸੀ ਤੇ ਅੱਜ ਵੀ ਪੜ੍ਹੀ ਹੈ। ਕੱਲ੍ਹ ਦਾ ਕਈ ਵਾਰ ਸੋਚ ਚੁੱਕਿਆ ਹਾਂ ਕਿ ਕੀ ਲਿਖਾਂ? ਏਨੀ ਗਾਹੜੀ ਤੇ ਗੂੜ੍ਹੀ ਨਜ਼ਮ...ਭਾਵੁਕ ਗਹਿਰਾਈ...ਕਾਵਿਕ ਉਚਾਈ ਲਈ ਮੈਂ ਭਲਾ ਕੀ ਆਖਾਂ! ਤਨਦੀਪ... ਮੇਰੇ ਵੱਲੋਂ ਦਰਵੇਸ਼ ਜੀ ਨੂੰ ਪੁੱਛਿਓ ਕਿ ਇਸ ਨਜ਼ਮ ਨੂੰ ਲਿਖਣ ਵੇਲ਼ੇ ਆਖ਼ਿਰ ਦਸ਼ਾ ਕਿਹੋ ਜਿਹੀ ਸੀ? ਕਈ ਸੱਜਣ ਗ਼ਜ਼ਲ ਤਾਂ ਪਸੰਦ ਕਰਦੇ ਨੇ ਅਤੇ ਗਲਪ ਵੀ, ਪਰ ਖੁੱਲ੍ਹੀ ਕਵਿਤਾ ਤੋਂ ਭੱਜਦੇ ਨੇ ਪਤਾ ਨਈਂ ਕਿਉਂ। ਜੀਅ ਕਰਦੈ ਕਿ ਉਹਨਾਂ ਸੱਜਣਾਂ ਨੂੰ ਬਿਠਾ ਕੇ ਇਹੋ ਜਿਹੀ ਨਜ਼ਮ ਸੁਣਾਈ ਜਾਵੇ..ਇਸਦੀ ਤਾਰੀਫ਼ ਲਈ ਮੇਰੇ ਕੋਲ਼ ਕੋਈ ਲਫ਼ਜ਼ ਹੀ ਨਹੀਂ ਹੈ,, ਫੇਰ ਵੀ ਨਟ-ਮਸਤਕ ਤਾਂ ਹੋਇਆ ਹੀ ਜਾ ਸਕਦਾ ਹੈ! ਦਰਵੇਸ਼ ਜੀ ਬਹੁਤ ਗਹਿਰਾ ਵੇਂਹਦੇ ਹਨ..ਉਹਨਾਂ ਦਾ ਦਰਸ਼ਨ ਵੀ ਗਹਿਰਾ ਹੇ ਤੇ ਦਰਵੇਸ਼ੀ ਵੀ। ਮੈਂ ਉਹਨਾਂ ਬਾਰੇ ਲਗਾਤਾਰ ਸੋਚੀ ਜਾ ਰਿਹਾ ਹਾਂ!

ਦਵਿੰਦਰ ਸਿੰਘ ਪੂਨੀਆ
ਕੈਨੇਡਾ
==============
ਬਹੁਤ-ਬਹੁਤ ਸ਼ੁਕਰੀਆ ਦਵਿੰਦਰ ਜੀ! ਤੁਹਾਡੇ ਵਿਚਾਰਾਂ ਅਤੇ ਉਹਨਾਂ ਵਿਚਲੇ ਸੁਆਲਾਂ ਨਾਲ਼ ਪੂਰੀ ਤਰ੍ਹਾਂ ਸਹਿਮਤ ਹਾਂ। ਕੁੱਝ ਦਿਨ ਪਹਿਲਾਂ ਦਰਵੇਸ਼ ਜੀ ਕੋਲੋਂ ਫੋਨ ਤੇ ਸੁਣੀ ਇਸ ਨਜ਼ਮ ਨੇ ਮੈਨੂੰ ਵੀ ਏਸੇ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਹ ਨਜ਼ਮ ਉਹਨਾਂ ਦੀ ਕਿਤਾਬ 'ਉਦਾਸ ਸਿਰਲੇਖ' 'ਚੋਂ ਹੈ, ਜੋ 1989 'ਚ ਛਪੀ ਸੀ। ਉਹਨਾਂ ਦੀ ਲਫ਼ਜ਼ਾਂ ਦੀ ਚੋਣ, ਲੇਖਣ-ਸ਼ੈਲੀ, ਵਿਚਾਰਾਂ ਦੀ ਗਹਿਰਾਈ ਅਤੇ ਪਰਪੱਕਤਾ ਨੂੰ ਮੈਂ ਹਮੇਸ਼ਾਂ ਸਲਾਮ ਕਰਦੀ ਹਾਂ। ਉਹਨਾਂ ਦੀਆਂ ਨਜ਼ਮਾਂ ਨੇ ਮੈਨੂੰ ਖ਼ੁਦ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਨੇ...ਮੇਰੀ ਕਾਵਿ-ਉਡਾਰੀ ਦਾ ਅੰਬਰ ਹੋਰ ਵੀ ਵਸੀਹ ਕੀਤਾ ਹੈ।

ਅਦਬ ਸਹਿਤ
ਤਮੰਨਾ

Silver Screen said...

Tandeep ji, sab parhan valeyan nu ate likhan valeyaan nu slaam... Rab kare tuhadi dua mainu lag jave.....

Gurinderjit Singh (Guri@Khalsa.com) said...

Dear Darvesh Ji,
Indeed this piece of beauti is the perfect blend of all great poetry elements. I have read it many times and every time I dicover new thoughts ingrained in it.
I must thanks Tandeep who has opened floodgates of quality literature, introduced us to the great writers and thinkers.
Regards,
Gurinderjit

surjit said...

Darvesh ji
Bahut khoob..........zindagi poun ch paroee ibarat da na........... hai......Ini sohni nazam hai...nadi vang vehandi te jharne vang utardi jandi hai.......I like all of your poems....rab kare ini sohni shairi hamesha zinda rahe..
Surjit.