ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 5, 2009

ਡਾ: ਕੇਦਾਰਨਾਥ ਸਿੰਘ - ਨਜ਼ਮ

ਕੁਝ ਗੁਰ ਜਿਹੜੇ ਕਿਸੇ ਕਿਸਾਨ ਪਿਤਾ ਨੇ ਪੁੱਤਰ ਨੂੰ ਦੱਸੇ...

ਨਜ਼ਮ

ਮੇਰੇ ਪੁੱਤਰ!

ਖੂਹ ਚ ਕਦੇ ਨਾ ਝਾਕੀਂ

ਜਾਵੀਂ

ਪਰ ਉਸ ਪਾਸੇ ਕਦੇ ਨਾ ਜਾਵੀਂ

ਜਿੱਧਰ ਉੱਡੇ ਜਾ ਰਹੇ ਹੋਣ

ਕਾਲ਼ੇ ਕਾਲ਼ੇ ਕਾਂ

...................

ਹਰਾ ਪੱਤਾ

ਕਦੇ ਨਾ ਤੋੜੀਂ

ਤੇ ਜੇ ਤੋੜੇਂ ਵੀ ਤਾਂ ਇਸ ਤਰ੍ਹਾਂ

ਕਿ ਦਰੱਖਤ ਨੂੰ ਜ਼ਰਾ ਵੀ

ਨਾ ਪੀੜ ਹੋਵੇ

...................

ਰਾਤ ਨੂੰ ਰੋਟੀ ਜਦੋਂ ਵੀ ਤੋੜੇਂ

ਤਾਂ ਪਹਿਲਾਂ ਸਿਰ ਝੁਕਾ ਕੇ

ਕਣਕ ਦੇ ਬੂਟੇ ਨੂੰ ਯਾਦ ਕਰ ਲਵੀਂ

...................

ਜੇ ਕਿਤੇ ਲਾਲ ਕੀੜੀਆਂ ਦਿਸਣ

ਤਾਂ ਸਮਝ ਲਵੀਂ

ਹਨੇਰੀ ਆਉਂਣ ਵਾਲ਼ੀ ਹੈ

...................

ਕਈ ਕਈ ਰਾਤਾਂ ਤੱਕ ਜੇ

ਕਦੇ ਸੁਣੇ ਨਾ ਗਿੱਦੜਾਂ ਦੀ ਆਵਾਜ਼

ਤਾਂ ਸਮਝ ਲਵੀਂ

ਬੁਰੇ ਦਿਨ ਆਉਂਣ ਵਾਲ਼ੇ ਨੇ

....................

ਮੇਰੇ ਪੁੱਤਰ!

ਬਿਜਲੀ ਦੇ ਵਾਂਗ ਕਦੇ ਨਾ ਡਿੱਗੀਂ

...ਤੇ ਜੇ ਡਿੱਗ ਵੀ ਪਵੇਂ

ਤਾਂ ਘਾਹ ਵਾਂਗ ਫਿਰ ਉੱਗ ਪੈਣ ਲਈ

ਹਮੇਸ਼ਾ ਤਿਆਰ ਰਹੀਂ

......................

ਕਦੇ ਹਨੇਰੇ

ਜੇ ਭੁੱਲ ਜਾਵੇਂ ਰਾਹ

ਤਾਂ ਧਰੂ ਤਾਰੇ ਤੇ ਨਹੀਂ

ਸਿਰਫ਼ ਦੂਰ ਤੋਂ ਆਉਂਣ ਵਾਲ਼ੀ

ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਤੇ

ਭਰੋਸਾ ਕਰੀਂ

........................

ਮੇਰੇ ਪੁੱਤਰ!

ਬੁੱਧ ਨੂੰ ਉੱਤਰ ਕਦੇ ਨਾ ਜਾਵੀਂ

ਨਾ ਐਤਵਾਰ ਨੂੰ ਪੱਛਮ

.........................

ਤੇ ਸਭ ਤੋਂ ਵੱਡੀ ਗੱਲ ਮੇਰੇ ਪੁੱਤਰ!

ਕਿ ਲਿਖ ਲੈਣ ਪਿੱਛੋਂ

ਇਹਨਾਂ ਸ਼ਬਦਾਂ ਨੂੰ ਪੂੰਝ ਕੇ ਸਾਫ਼ ਕਰ ਦੇਵੀਂ

........................................

ਤਾਂ ਕਿ ਕੱਲ੍ਹ ਨੂੰ ਜਦੋਂ ਸੂਰਜ ਚੜ੍ਹੇ

ਤਾਂ ਤੇਰੀ ਫੱਟੀ

ਰੋਜ਼ ਵਾਂਗੂੰ

ਧੋਤੀ ਹੋਈ

ਸਾਫ਼

ਚਮਕਦੀ ਰਹੇ!

---------------------

ਹਿੰਦੀ ਤੋਂ ਪੰਜਾਬੀ ਅਨੁਵਾਦ: ਡਾ: ਅਮਰਜੀਤ ਕੌਂਕੇ


1 comment:

सुभाष नीरव said...

जितनी अच्छी कविता, उतना ही सुन्दर अनुवाद। बधाई 1