ਸਾਹਿਤਕ ਨਾਮ: ਗੁਰਦੇਵ ਸਿੰਘ ਘਣਗਸ
ਨਿਵਾਸ: ਯੂ.ਐੱਸ.ਏ.
ਕਿਤਾਬ: ਸੱਠਾਂ ਤੋਂ ਬਾਅਦ ( ਗ਼ਜ਼ਲ-ਸੰਗ੍ਰਹਿ)
“...ਚਾਰ ਪੰਜ ਸਾਲ ਪਹਿਲਾਂ ਮੇਰੇ ਤੇ ਲਿਖਣ ਦਾ ਭੂਤ ਸਵਾਰ ਹੋ ਗਿਆ। ਮਰ ਭਰ ਕੇ ਮਸਾਂ ਮੈਂ ਟੁੱਟੀਆਂ ਭੱਜੀਆਂ ਦੋ ਕਹਾਣੀਆਂ ‘ਤੇ ਦੋ ਕਵਿਤਾਵਾਂ ਲਿਖੀਆਂ, ਤੇ ਛਾਪਣ ਨੂੰ ਭੇਜ ਦਿੱਤੀਆਂ। ਛੇ ਮਹੀਨੇ ਕੋਈ ਉੱਤਰ ਨਾ ਆਇਆ। ਇਸ ਸਮੇਂ ਮੈਂ ਪੰਜਾਬੀ ਲਿਖਾਰੀਆਂ ਦੇ ਇਲਾਕੇ ਵੈਨਕੂਵਰ, ਕਨੇਡਾ ਵੀ ਗਿਆ। ਪ੍ਰਸਿੱਧ ਲਿਖਾਰੀ ਗੁਰਦੇਵ ਸਿੰਘ ਮਾਨ ਉਦੋਂ ਲਾਗੇ ਤਾਗੇ ਹੀ ਰਹਿੰਦਾ ਸੀ। ‘ਉੱਤਰੀ ਅਮਰੀਕਾ ਕੇਂਦਰੀ ਪੰਜਾਬੀ ਲੇਖਕ ਸਭਾ’ ਦਾ ਉਹ ਪ੍ਰਧਾਨ ਸੀ। ਮੈਂ ਪਹਿਲੀ ਵਾਰ ਕਵਿਤਾ ਪੜ੍ਹੀ। ਸਰੀਰ ਢਿੱਲਾ ਹੋਣ ਕਰਕੇ ਗੁਰਦੇਵ ਮਾਨ ਜੀ ਉਸ ਦਿਨ ਆਏ ਨਹੀਂ ਸਨ ਪਰ ਮੇਰੀਆਂ ਲੱਤਾਂ ਫਿਰ ਵੀ ਕੰਬ ਰਹੀਆਂ ਸਨ। ਜਦ ‘ਗੁਰਦਰਸ਼ਨ ਬਾਦਲ’ ਜੀ ਨੇ ਆਪਣੀ ਗ਼ਜ਼ਲ ਪੜ੍ਹੀ ਤਾਂ ਇੱਕ ਬੰਦਾ ਉਸ ਨਾਲ ਖਿਝ ਪਿਆ ਜਿਵੇਂ ਬਾਦਲ ਜੀ ਨੇ ਉਸਦੀ ਉਮਰ ਦਾ ਮਖੌਲ ਉਡਾਇਆ ਹੋਵੇ। ਉਦੋਂ ਮੈਂ ਸੱਠਾਂ ਵਰ੍ਹਿਆਂ ਨੂੰ ਟੱਪ ਚੁੱਕਾ ਸੀ। ਪਰ ਮੈਨੂੰ ਉਹਦੀ ਗ਼ਜ਼ਲ ਬਹੁਤ ਚੰਗੀ ਲੱਗੀ।
----
ਗ਼ਜ਼ਲ ਦੇ ਕਾਫ਼ੀਏ ਦਾ ਰਦੀਫ਼ “ਸੱਠਾਂ ਤੋਂ ਬਾਅਦ” ਇਸ ਗ਼ਜ਼ਲ ਦਾ ਹੁਸਨ ਸੀ। ਭਾਵੇਂ ਉਦੋਂ ਮੈਨੂੰ ਗ਼ਜ਼ਲ ਦੀ ਬਣਤਰ ਬਾਰੇ ਸੋਝੀ ਨਹੀਂ ਸੀ, ਪਰ ਮੈਂ ਵਾਪਸੀ ਜਹਾਜ਼ ਵਿੱਚ ਵੱਖਰਾ ਕਾਫ਼ੀਆ ਸਾਜ ਲਿਆ ਤੇ ਉਸਦੇ ਨਾਲ ‘ਸੱਠਾਂ ਤੋਂ ਬਾਅਦ’ ਰਦੀਫ਼ ਚੰਮੇੜ ਕੇ ਆਪਣੇ ਖ਼ਿਆਲਾਂ ਦੀ ਗ਼ਜ਼ਲ ਰਚਣ ਲੱਗ ਪਿਆ। ਉਦੋਂ ਮੈਂ ਇਸ ਗ਼ਜ਼ਲ ਨੂੰ ਕਵਿਤਾ ਹੀ ਸਮਝਦਾ ਸਾਂ। ਕੁਝ ਸ਼ਿਅਰ ਮੈਂ ਸੌਖੇ ਹੀ ਰਚ ਲਏ। ਮੇਰੇ ਲਈ ਤਾਂ ਇਹ ਗ਼ਜ਼ਲ ਦੀ ਸ਼ੁਰੂਆਤ ਸੀ। ਮੈਂ ਅਜੇ ਵੀ ਗ਼ਜ਼ਲ ਦਾ ਵਿਦਿਆਰਥੀ ਹਾਂ। ਕਈ ਵਾਰ ਸੋਚਿਆ ਹੈ ਕਿ ਜੇ ਮੈਂ ਆਪਣੇ ਨਾਂ ਨਾਲ “ਸੱਠਾਂ ਤੋਂ ਬਾਅਦ” ਚੰਮੇੜ ਲਵਾਂ ਤਾਂ ਮੇਰੀ ਜਾਣ-ਪਛਾਣ ਚੰਗੀ ਹੋ ਜਾਵੇ। ਮੇਰੀ ਹਾਉਮੈ ਨੂੰ ਵੀ ਪੱਠੇ ਪੈ ਜਾਣ। ਫੇਰ ਜਦੋਂ ਮੈਂ ਆਪਣੀ ਪਹਿਲੀ ਪੁਸਤਕ ਛਾਪੀ ਤਾਂ ਮੈਨੂੰ ਉਸਦਾ ਨਾਂ ਲੱਭਣ ਵਿੱਚ ਮੁਸ਼ਕਲ ਆਉਂਦੀ ਦਿਸੀ। ਆਖਰ ਮੈਂ ਪੁਸਤਕ ਦਾ ਨਾਂ ਵੀ “ਸੱਠਾਂ ਤੋਂ ਬਾਅਦ” ਹੀ ਰੱਖ ਲਿਆ।”
ਅੱਜ ਘਣਗਸ ਸਾਹਿਬ ਨੇ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀ ਖ਼ੂਬਸੂਰਤ ਮਾਡਰਨ ਗ਼ਜ਼ਲ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਘਣਗਸ ਸਾਹਿਬ ਨੂੰ ਆਰਸੀ ਦਾ ਲਿੰਕ ਡਾ: ਪ੍ਰੇਮ ਮਾਨ ਜੀ ਨੇ ਭੇਜਿਆ ਹੈ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।
ਮਾਡਰਨ ਗਜ਼ਲ
ਕਿਸ ਤਰ੍ਹਾਂ ਹੈ ਸਾਡਾ ਹਾਲ ਸਾਡੇ ਤੇ ਗੁਜ਼ਰਦੀ, ਕੀ ਲਿਖਾਂ।
ਲੋਹੜੇ ਦੀ ਪੈ ਰਹੀ ਜਿੰਨੀ ਹੱਡ ਚੀਰਵੀਂ ਸਰਦੀ, ਕੀ ਲਿਖਾਂ।
----
ਗਰੀਬ ਗੁਰਬੇ ਤਾਂ ਬਰਫ਼ ਵਿੱਚ ਹੀ ਬਰਫ਼ ਹੋ ਜਾਂਦੇ ਹਨ,
ਬਿਜਲੀ ਕੱਟ ਜਾਂਦੇ ਨੇ ਬਰਫ਼ ਵਿੱਚ ਬੇਦਰਦੀ, ਕੀ ਲਿਖਾਂ ।
-----
ਕਨੇਡਾ ਆਕੇ ਬਿਸ਼ਨ ਕੁਰ ਹੈ ਖੁਸ਼ ਪਰ ਬਿਸ਼ਨਾ ਖੁਸ਼ਕ,
ਬਿਸ਼ਨ ਕੁਰ ਹੈ ਘਾਟ ਦੀ ਹੁਣ ਜਾਂ ਹੈ ਘਰਦੀ, ਕੀ ਲਿਖਾਂ ।
----
ਕੁਝ ਲੋਕਾਂ ਦੇ ਵਿਗੜੇ ਤਿਗੜੇ ਤਾਂ ਫੋਨ ਵੀ ਨਹੀਂ ਕਰਦੇ ,
ਹੁਣ ਕੌਣ ਕਿਸੇ ਦਾ ਹੈ ਮਿੱਤ ਕੌਣ ਹੈ ਦਰਦੀ, ਕੀ ਲਿਖਾਂ।
----
ਮੰਦਰ ਵੀ ਗਈ ਪਰ ਮਨ ਨੂੰ ਫਿਰ ਵੀ ਟੇਕ ਨਾ ਆਈ,
ਕੀ ਕੁਝ ਕਿਸੇ ਦੇ ਮਨ ਵਿੱਚ ਹੈ ਵਿਚਰਦੀ, ਕੀ ਲਿਖਾਂ।
----
ਓਬਾਮਾ ਤਾਂ ਇਤਨਾ ਮਾੜਾ ਨਹੀਂ, ਮੈਂ ਲਿਖ ਦਿੱਤਾ ਹੈ,
ਕਿੰਨੀ ਹਾਲਤ ਹੈ ਮਾੜੀ ਮੁਲਕ ਅੰਦਰ ਦੀ, ਕੀ ਲਿਖਾਂ।
-----
ਯਾਦ ਨਰੋਈ ਹੈ ਸਾਡੀ ਪਰ ਟੈਕਸ ਦੇਣਾ ਭੁੱਲ ਜਾਂਦੇ ਹਾਂ,
ਲਾਲਚਾਂ ਮਾਰੀ ਹਯਾਤੀ ਕੀ ਕੀ ਨਹੀਂ ਕਰਦੀ, ਕੀ ਲਿਖਾਂ।
----
ਆਉਂਦੇ ਨੇ ਯਾਦ ਜਦ ਕਦੇ ਭੁੱਲੇ ਵਿੱਸਰੇ ਸਭ ਪਿਆਰੇ,
ਹੁੰਦੀ ਹੈ ਖੁਸ਼ੀ ਕਿੰਨੀ ਮੇਰੀ ਅੱਖ ਹੈ ਵਰ੍ਹਦੀ, ਕੀ ਲਿਖਾਂ।
No comments:
Post a Comment