ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 12, 2009

ਸੁਰਜੀਤ ਰਾਮਪੁਰੀ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੱਲ੍ਹ ਮੈਂ ਜਦੋਂ ਵੈਨਕੂਵਰ ਵਸਦੇ ਉੱਘੇ ਸ਼ਾਇਰ ਸਤਿਕਾਰਤ ਗੁਰਚਰਨ ਰਾਮਪੁਰੀ ਸਾਹਿਬ ਨੂੰ ਮਿਲ਼ਣ ਗਈ ਤਾਂ ਉਹਨਾਂ ਨੇ ਪਿੰਡ ਰਾਮਪੁਰ ਦੇ ਇੱਕ ਹੋਰ ਉੱਘੇ ਸ਼ਾਇਰ ਸਤਿਕਾਰਤ ਸੁਰਜੀਤ ਰਾਮਪੁਰੀ ਜੀ ਦੀ 1959 ਚ ਪ੍ਰਕਾਸ਼ਿਤ ਹੋਈ ਕਿਤਾਬ ਠਰੀ ਚਾਨਣੀ ਆਰਸੀ ਲਈ ਦਿੱਤੀ। ਅੱਜ ਏਸੇ ਕਿਤਾਬ ਚੋਂ ਰਾਮਪੁਰੀ ਸਾਹਿਬ ਦੀ ਅਗਸਤ 1957 ਚ ਲਿਖੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਤੁਹਾਡੇ ਨਾਲ਼ ਸਾਂਝੀ ਕਰਨ ਜਾ ਰਹੀ ਹਾਂ। ਗੁਰਚਰਨ ਰਾਮਪੁਰੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। ਇਸ ਨਜ਼ਮ ਦੇ ਨਾਲ਼ ਲੱਗਿਆ ਫੋਟੋ ਸਕੈੱਚ ਵੀ ਏਸੇ ਕਿਤਾਬ ਵਿਚੋਂ ਹੀ ਹੈ।

ਨਜ਼ਮ

ਰੋ ਰੋ ਕੇ ਅਸਾਂ ਰਾਤ ਸੁਲਾਈ।

ਗਾ ਗਾ ਕੇ ਅਸਾਂ ਪ੍ਰਭਾਤ ਜਗਾਈ।

----

ਹੰਝੂਆਂ ਅੰਦਰ ਡੁੱਬ ਡੁੱਬ ਜਾਂਦੀ,

ਤਾਂਘ ਰਹੇ ਨੈਣਾਂ ਦੀ ਜੋਤੀ।

ਕੰਬਦੀਆਂ ਨਜ਼ਰਾਂ, ਥਰਕਣ ਰਿਸ਼ਮਾਂ,

ਕਿੱਧਰ ਗਏ ਸ਼ਬਨਮ ਦੇ ਮੋਤੀ?

....

ਦੱਸਿਓ ਵੇ! ਨਰਗਸ ਦੇ ਨੈਣੋਂ

ਕਿਸਨੇ ਮੇਰੀ ਨੀਂਦ ਚੁਰਾਈ?

----

ਜਗਰਾਤੇ, ਨੈਣਾਂ ਨੂੰ ਪੁੱਛਦੇ,

ਕਿੰਝ ਉੱਡੀਆਂ ਬਾਗੋਂ ਖ਼ੁਸ਼ਬੋਆਂ।

ਘਿਰ ਘਿਰ ਆਏ ਬੱਦਲ਼ ਕਾਲ਼ੇ,

ਖੁਰ ਖੁਰ ਜਾਵਣ ਧੁੰਦਲ਼ੀਆਂ ਲੋਆਂ।

.....

ਸੁਹਲ ਹਨੇਰਾ, ਮੱਧਮ ਚਾਨਣ,

ਪੱਤਿਆਂ ਚੋਂ ਝਰਦੀ ਰੁਸ਼ਨਾਈ।

----

ਜਲ-ਤਰੰਗ ਹੰਝੂਆਂ ਦਾ ਵੱਜਦਾ,

ਹਰ ਇੱਕ ਫੁੱਲ ਪਿਆਲੀ ਬਣਿਆ।

ਜੋ ਸੰਧੂਰ ਦੁਮੇਲੀਂ ਕਿਰਿਆ,

ਉਹ ਪੂਰਬ ਦੀ ਲਾਲੀ ਬਣਿਆ।

.....

ਹੱਥ ਵਿਚ ਫੜ ਸੂਰਜ ਦਾ ਕਾਸਾ,

ਇਹ ਪ੍ਰਭਾਤ ਕੀ ਮੰਗਣ ਆਈ?

----

ਹਰ ਹਾਉਕਾ ਹਿੱਕੜੀ ਦੀ ਪੀੜਾ,

ਹਰ ਸਾਹ ਗਰਦਨ ਵਿਚ ਤਲਵਾਰਾਂ।

ਇਉਂ ਹੋਠਾਂ ਤੇ ਹਾਸਾ ਆਉਂਦਾ,

ਜਿਉਂ ਪੱਤਝੜ ਦੀ ਝੋਲ ਬਹਾਰਾਂ।

....

ਜਿਉਂ ਸਾਵਣ ਦੀਆਂ ਨੁਚੜਨ ਰਾਤਾਂ,

ਇਉਂ ਮੱਸਿਆ ਜਿਹੀ ਉਮਰ ਲੰਘਾਈ।

----

ਕੰਢਿਆਂ ਉੱਪਰ ਤਰੇੜਾਂ ਸੁੱਤੀਆਂ,

ਲਿਖੀਆਂ ਨਹੀਂ ਮੱਥੇ ਤਕਦੀਰਾਂ।

ਲਹਿਰਾਂ ਆਵਣ, ਲਹਿਰਾਂ ਜਾਵਣ,

ਬਣਦੀਆਂ ਮਿਟਦੀਆਂ ਜਾਣ ਲਕੀਰਾਂ।

.....

ਇੱਕੋ ਹਰਫ਼ ਦਿਲੇ ਤੇ ਲਿਖਿਆ,

ਧੋ ਧੋ ਤੱਕਿਆ, ਮਿਟਦਾ ਨਾਹੀ।

----

ਤਿਰੇ ਬਿਨਾ ਉਜਲੇ ਦਿਨ ਜੀਕਰ,

ਧੁੱਪਾਂ ਵਿਚ ਸੜਦੀ ਤਨਹਾਈ।

ਤਿਰੇ ਬਿਨ੍ਹਾਂ ਇਹ ਰੰਗਲੀਆਂ ਸ਼ਾਮਾਂ,

ਛਮ ਛਮ ਨੈਣਾਂ ਦੀ ਪਰਛਾਈ।

....

ਤਿਰੇ ਬਿਨਾ ਚੰਨ-ਰਾਤਾਂ ਜੀਕਰ,

ਯਾਦਾਂ ਚਿੱਟੀ ਕਫ਼ਨੀ ਪਾਈ।

----

ਭਾਵੇਂ ਆਹਾਂ ਉਮਰੋਂ ਲੰਮੀਆਂ,

ਭਾਵੇਂ ਨਗ਼ਮੇ ਨੇ ਹਟਕੋਰੇ।

ਇਕ ਦਿਨ ਅੰਮ੍ਰਿਤ ਭਰ ਜਾਵੇਗਾ,

ਜੀਵਨ ਦੇ ਵਿਸ ਭਰੇ ਕਟੋਰੇ।

....

ਜਦੋਂ ਕਿਸੇ ਜੀਵਣ ਜੋਗੇ ਨੇ,

ਰੋਂਦੀ ਜ਼ਿੰਦਗੀ ਗਲ਼ੇ ਲਗਾਈ।

----

ਨ੍ਹੇਰਾਂ ਦੇ ਵਿਚ ਬੀਜੇ ਤਾਰੇ,

ਇਕ ਦਿਨ ਸੂਰਜ ਬਣ ਜਾਵਣਗੇ।

ਰਿਸ਼ਮਾਂ ਝਰਨ ਫ਼ੁਹਾਰਿਆਂ ਵਾਂਗੂੰ,

ਘੋਰ ਹਨੇਰੇ ਛਣ ਜਾਵਣਗੇ।

.....

ਜਾਗਣਗੇ ਸਮਿਆਂ ਦੀ ਹਿੱਕ ਤੇ

ਯਾਦਾਂ ਨੂੰ ਸੁਪਨੇ ਗਲ਼ ਲਾਈਂ।

----

ਰੋ ਰੋ ਕੇ ਅਸਾਂ ਰਾਤ ਸੁਲਾਈ।

ਗਾ ਗਾ ਕੇ ਅਸਾਂ ਪ੍ਰਭਾਤ ਜਗਾਈ।


No comments: