ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, February 13, 2009

ਸੁਭਾਸ਼ ਨੀਰਵ - ਨਜ਼ਮ

ਸਾਹਿਤਕ ਨਾਮ: ਸੁਭਾਸ਼ ਨੀਰਵ

ਜਨਮ: ਮੁਰਾਦਨਗਰ( ਯੂ.ਪੀ)

ਅਜੋਕਾ ਨਿਵਾਸ: ਨਵੀਂ ਦਿੱਲੀ

ਕਿਤਾਬਾਂ: ਹਿੰਦੀ ਚ ਤਿੰਨ ਕਹਾਣੀ ਸੰਗ੍ਰਹਿ : ਦੈਤਯ ਤਥਾ ਅੰਨਯ ਕਹਾਨੀਆਂ, ਔਰਤ ਹੋਨੇ ਕਾ ਗੁਨਾਹ, ਆਖ਼ਿਰੀ ਪੜਾਵ ਕਾ ਦੁਖ, ਦੋ ਕਾਵਿ-ਸੰਗ੍ਰਹਿ: ਯਤੀਕੰਚਿਤ, ਰੌਸ਼ਨੀ ਕੀ ਲਕੀਰ, ਬਾਲ ਕਹਾਣੀ-ਸੰਗ੍ਰਹਿ: ਮਿਹਨਤ ਕੀ ਰੋਟੀ, ਅਤੇ ਮਿੰਨੀ ਕਹਾਣੀ ਸੰਗ੍ਰਹਿ: ਕਥਾ-ਬਿੰਦੂ ਪ੍ਰਕਾਸ਼ਿਤ ਹੋ ਚੁੱਕੇ ਹਨ।

----

ਇਸ ਤੋਂ ਇਲਾਵਾ ਮਾਤ-ਭਾਸ਼ਾ ਪੰਜਾਬੀ ਚ ਪਿਛਲੇ ਤੀਹ ਕੁ ਸਾਲਾਂ ਤੋਂ ਅਨੁਵਾਦ ਦਾ ਕੰਮ ਕਰ ਰਹੇ ਹਨ। ਪੰਜਾਬੀ ਤੋਂ ਹਿੰਦੀ ਅਨੁਵਾਦ ਚ ਬਾਰ੍ਹਾਂ ਕਿਤਾਬਾਂ ਛਪਵਾ ਚੁੱਕੇ ਨੇ, ਜਿਨ੍ਹਾਂ ਚ ਕੁਲਵੰਤ ਸਿੰਘ ਵਿਰਕ ਦੀਆਂ ਚੋਣਵੀਆਂ ਕਹਾਣੀਆਂ, ਜਿੰਦਰ ਦਾ ਕਹਾਣੀ ਸੰਗ੍ਰਹਿ ਤੁਮ ਸਮਝ ਨਾ ਪਾਏ ਬਲਬੀਰ ਮਾਧੋਪੁਰੀ ਦੀ ਆਤਮਕਥਾ ਛਾਂਗਿਆ ਰੁੱਖ ਜਤਿੰਦਰ ਹਾਂਸ ਦਾ ਪਾਵੇ ਨਾਲ਼ ਬੰਨ੍ਹਿਆ ਕਾਲ਼ ਪ੍ਰਮੁੱਖ ਹਨ।

----

ਇਨਾਮ-ਸਨਮਾਨ: ਮਾਤਾ ਸ਼ਰਬਤੀ ਦੇਵੀ ਸਮਰਿਤੀ ਪੁਰਸਕਾਰ ( 1992) ਮੰਚ ਪੁਰਸਕਾਰ (2000) ਨਾਲ਼ ਸਨਮਾਨਿਤ।

----

ਨੀਰਵ ਸਾਹਿਬ ਹਿੰਦੀ ਚ ਬਹੁਤ ਖ਼ੂਬਸੂਰਤ ਬਲੌਗ ਸੇਤੂ ਸਾਹਿਤਯ ਅਤੇ ਗਵਾਕਸ਼ ਚਲਾਉਂਦੇ ਹਨ, ਜਿਨ੍ਹਾਂ ਚ ਸਮਕਾਲੀਨ ਪੰਜਾਬੀ-ਹਿੰਦੀ ਸਾਹਿਤ ਅਤੇ ਅਨੁਵਾਦਿਤ ਲਿਖਤਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਇਹਨਾਂ ਬਲੌਗਾਂ ਦਾ ਲਿੰਕ ਵੀ ਆਰਸੀ ਦੇ ਸਾਹਿਤ ਸੋਮਿਆਂ ਦੇ ਅਧੀਨ ਹੈ, ਤੁਸੀਂ ਓਥੇ ਵੀ ਫੇਰੀ ਜ਼ਰੂਰ ਪਾਇਆ ਕਰੋ।

----

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਨੀਰਵ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਪਰਿੰਦੇ

ਨਜ਼ਮ

ਪਰਿੰਦੇ

ਮਨੁੱਖ ਨਹੀਂ ਹੁੰਦੇ।

ਧਰਤੀ ਅਤੇ ਆਕਾਸ਼

ਦੋਨਾਂ ਨਾਲ਼ ਰਿਸ਼ਤਾ ਰੱਖਦੇ ਨੇ ਪਰਿੰਦੇ।

................

ਉਹਨਾਂ ਦੀ ਉਡਾਨ ਵਿਚ ਹੈ.....

ਅਨੰਤ ਗਗਨ

ਧਰਤੀ ਦਾ ਕੋਈ ਵੀ ਟੁਕੜਾ

ਵਰਜਿਤ ਨਹੀਂ ਹੁੰਦਾ ਪਰਿੰਦਿਆਂ ਲਈ।

.............................

ਘਰ-ਆਂਗਨ, ਪਿੰਡ, ਬਸਤੀ, ਸ਼ਹਿਰ...

ਕਿਸੇ ਚ ਭੇਦ ਨਹੀਂ ਕਰਦੇ।

ਜਾਤ, ਧਰਮ, ਨਸਲ, ਸੰਪਰਦਾਇ ਤੋਂ

ਬਹੁਤ ਉੱਪਰ ਹੁੰਦੇ ਨੇ ਪਰਿੰਦੇ।

.......................

ਮੰਦਿਰ ਚ, ਮਸਜਿਦ

ਗਿਰਜੇ ਅਤੇ ਗੁਰਦਵਾਰੇ

ਕੋਈ ਫ਼ਰਕ ਨਹੀਂ ਸਮਝਦੇ

ਜਦੋਂ ਚਾਹੁਣ ਬੈਠ ਜਾਂਦੇ ਨੇ ਉੱਡ ਕੇ

ਉਹਨਾਂ ਦੀਆਂ ਉੱਚੀਆਂ ਬੁਰਜੀਆਂ ਤੇ ਬੇਖ਼ੌਫ਼

................

ਕਰਫਿਊਗ੍ਰਸਤ ਸ਼ਹਿਰ ਦੀਆਂ

ਖ਼ੌਫ਼ਜ਼ਦਾ ਵੀਰਾਨ ਸੁੰਨਸਾਨ ਸੜਕਾਂ, ਗਲੀਆਂ

ਵਿਚਰਨੋਂ ਵੀ ਨਹੀਂ ਘਬਰਾਉਂਦੇ ਪਰਿੰਦੇ।

ਪ੍ਰਾਂਤ, ਦੇਸ਼ ਦੀਆਂ ਸਰਹੱਦਾਂ ਤੋਂ ਵੀ ਪਰੇ ਹੁੰਦੇ ਨੇ

ਆਕਾਸ਼ ਚ ਉੱਡਦੇ ਪਰਿੰਦੇ

...................

ਇਹਨਾਂ ਨੂੰ ਪਾਰ ਕਰਦੇ ਹੋਏ

ਨਹੀਂ ਚਾਹੀਦੀ ਹੁੰਦੀ ਇਹਨਾਂ ਨੂੰ ਕੋਈ ਇਜਾਜ਼ਤ

ਨਹੀਂ ਚਾਹੀਦਾ ਹੁੰਦਾ ਕੋਈ ਵੀਜ਼ਾ ਪਾਸਪੋਰਟ

ਸ਼ੁਕਰ ਹੈ....

ਪਰਿੰਦਿਆਂ ਨੇ ਨਹੀਂ ਸਿੱਖਿਆ ਰਹਿਣਾ

ਮਨੁੱਖ ਦੀ ਤਰ੍ਹਾਂ ਧਰਤੀ ਤੇ।

=======

ਮਾਂ-ਧੀ

ਨਜ਼ਮ

ਧੀ ਦੇ ਪੈਰਾਂ ਚ ਆਉਂਣ ਲੱਗ ਪਈ ਹੈ

ਮਾਂ ਦੀ ਚੱਪਲ

ਧੀ ਜਵਾਨ ਹੋ ਰਹੀ ਹੈ!

.................

ਮਾਂ ਨੂੰ ਜਦੋਂ ਆ ਜਾਵੇ......

ਧੀ ਦਾ ਸੂਟ

ਧੀ ਸੱਚੀਂ ਜਵਾਨ ਹੋ ਗਈ ਹੈ!

................

ਮਾਂ-ਧੀ ਆਪਸ ਚ ਹੁਣ

ਕਰ ਲੈਂਦੀਆਂ ਨੇ ਅਦਲਾ-ਬਦਲੀ

ਆਪਣੀਆਂ-ਆਪਣੀਆਂ ਚੀਜ਼ਾਂ ਦੀ।

.................

ਜਦੋਂ ਮਨ ਹੁੰਦੈ

ਧੀ, ਮਾਂ ਦੇ ਨਵੇਂ ਸੈਂਡਲ ਪਾ

ਚਲੀ ਜਾਂਦੀ ਹੈ ਸਹੇਲੀ ਦੇ ਜਨਮ-ਦਿਨ ਤੇ

ਅਤੇ ਮਾਂ....

ਧੀ ਦਾ ਨਵਾਂ ਸਿਉਂਤਾ ਸੂਟ ਪਾ ਕੇ

ਜਾ ਆਉਂਦੀ ਏ ਪੇਕੇ

..............

ਕਦੇ-ਕਦੇ ਦੋਨਾਂ

ਤੂੰ-ਤਕਰਾਰ ਵੀ ਹੁੰਦੀ ਏ

ਚੀਜ਼ਾਂ ਨੂੰ ਲੈ ਕੇ

ਜਦੋਂ ਇੱਕੋ ਸਮੇਂ ਦੋਨਾਂ ਨੂੰ ਪੈਂਦੀ ਏ

ਇੱਕੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ

..................

ਮਾਂ ਨੂੰ ਕਰਦੀ ਏ ਤਿਆਰ ਧੀ

ਵਿਆਹ-ਪਾਰਟੀ ਲਈ ਏਦਾਂ

ਜਿਵੇਂ ਕਰ ਰਹੀ ਹੋਵੇ ਖ਼ੁਦ ਨੂੰ ਤਿਆਰ

...........

ਵਾਲ਼ਾਂ ਦੇ ਕਲਿੱਪ ਹੋਣ

ਜਾਂ ਨਹੁੰ-ਪਾਲਿਸ਼

ਸੁਰਖ਼ੀ ਹੋਵੇ ਜਾਂ ਕੱਪੜਿਆਂ ਦੇ ਰੰਗ

ਵਾਲ਼ਾਂ ਦਾ ਸਟਾਈਲ ਹੋਵੇ

ਜਾਂ ਬਿੰਦੀ ਦਾ ਨਮੂਨਾ

ਇਹਨਾਂ ਸਭ ਤੇ ਦਿੰਦੀ ਹੈ ਧੀ ਖੁੱਲ੍ਹ ਕੇ

ਮਾਂ ਨੂੰ ਰਾਏ

ਅਤੇ ਬਣ ਜਾਂਦੀ ਏ ਐਸੇ ਪਲਾਂ

ਮਾਂ ਲਈ ਇੱਕ ਸ਼ੀਸ਼ਾ

......................

ਮਾਂ ਵੀ ਕੱਢ ਕੇ ਦੇ ਦਿੰਦੀ ਹੈ ਧੀ ਲਈ

ਆਪਣੀ ਸਭ ਤੋਂ ਵੱਧ ਪਿਆਰੀ...

ਸਾਂਭ ਕੇ ਰੱਖੀ ਸਾੜੀ

ਅਤੇ ਖ਼ੁਦ ਆਪਣੇ ਹੱਥਾਂ ਨਾਲ਼

ਸਿਖਾਉਂਦੀ ਏ

ਸਾੜੀ ਬੰਨ੍ਹਣੀ....

ਚੋਣਾਂ ਨੂੰ ਠੀਕ ਕਰਨਾ....

ਅਤੇ ਪੱਲੇ ਨੂੰ ਸੰਵਾਰਨਾ....

ਜਦੋਂ ਜਾਣਾ ਹੁੰਦਾ ਧੀ ਨੇ

ਕਾਲਜ ਦੇ ਸਾਲਾਨਾ ਸਮਾਗਮ ਤੇ

..................

ਇਕੱਲਿਆਂ ਬੈਠ ਕੇ ਹੁਣ

ਪਤਾ ਨਹੀਂ ਕੀ

ਗਿੱਟ-ਮਿਟ ਕਰਦੀਆਂ ਰਹਿੰਦੀਆਂ ਨੇ ਦੋਵੇਂ

ਦੋ ਹਮ-ਉਮਰ ਅਤੇ

ਪੱਕੀਆਂ ਸਹੇਲੀਆਂ ਦੀ ਤਰ੍ਹਾਂ

ਰੱਬ ਹੀ ਜਾਣੇ!


----------
ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'




2 comments:

Gurpreet said...

ਨੀਰਵ ਜੀ ,
ਦੋਹੇਂ ਕਵਿਤਾਵਾਂ ਬਹੁਤ ਖੂਬਸੂਰਤ ਨੇ,,,

Silver Screen said...

nazmaan bahuat hi khoobsoorat ne.. kidhre vi eh mesoos ni hoeya ke punjab ton bahar rehke likhiaan gayiaan ne... tuhade kol antreev di darshnikta da nazria kamaal hai, aapni ajehi shaeri pathkan de sanmukh ni karonge taan oh uudas ho jange....Darshan Darvesh