ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, March 2, 2009

ਹਰਜੀਤ ਸਿੰਘ ਅਸ਼ਕ - ਨਜ਼ਮ

ਸਾਹਿਤਕ ਨਾਮ: ਹਰਜੀਤ ਸਿੰਘ ਅਸ਼ਕ
ਜਨਮ: 24 ਸਤੰਬਰ
, 1945
ਅਜੋਕਾ ਨਿਵਾਸ: 2002 ਤੋਂ ਯੂ.ਕੇ.
ਕਿਤਾਬਾਂ: ਖ਼ੁਸ਼ਬੂ ਦੀਆਂ ਪੈੜਾਂ (ਪੰਜਾਬੀ ਸੱਥ ਵੱਲੋਂ 2008 ' ਪ੍ਰਕਾਸ਼ਿਤ)
ਸੰਪਾਦਨ: ਦੋ-ਆਬ, ਤ੍ਰਿਸ਼ਨਾ, ਗੁਰ ਸੰਦੇਸ਼ ( ਮਾਸਿਕ)

ਦੋਸਤੋ! ਅੱਜ ਮੈਂ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਹਰਜੀਤ ਸਿੰਘ ਅਸ਼ਕ ਜੀ ਦੁਆਰਾ ਰਚਿਤ ਕਿਤਾਬ ਖ਼ੁਸ਼ਬੂ ਦੀਆਂ ਪੈੜਾਂ ਚੋਂ ਇੱਕ ਖ਼ੂਬਸੂਰਤ ਗੀਤ ਅਤੇ ਇੱਕ ਨਜ਼ਮ ਨਾਲ਼ ਅਸ਼ਕ ਜੀ ਨੂੰ ਸਾਰੇ ਪਾਠਕ/ਲੇਖਕ ਸਾਹਿਬਾਨਾਂ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

=========

ਸੂਰਜ ਦਾ ਛਲ਼ਾਵਾ
ਨਜ਼ਮ

ਇਹ ਜੋ ਸੂਰਜ ਢਲ਼ ਚੱਲਿਆ ਹੈ
ਇਸ ਧਰਤੀ ਨੂੰ ਛਲ਼ ਚੱਲਿਆ ਹੈ
........
ਜਾਂਦਾ ਜਾਂਦਾ
ਇਸ ਧਰਤੀ ਦੇ
ਮੂੰਹ ਤੇ ਕਾਲ਼ਖ
ਮਲ਼ ਚੱਲਿਆ ਹੈ
ਕੱਲ੍ਹ ਇਹ ਸੂਰਜ
ਮੁੜ ਆਵੇਗਾ
ਧਰਤੀ ਦੇ ਤਰਲੇ ਪਾਵੇਗਾ
........
ਕੁੱਝ ਚਿਰ ਧਰਤੀ ਸ਼ਰਮਾਵੇਗੀ
ਫੇਰ ਵਿਚਾਰੀ ਹਰ ਜਾਵੇਗੀ
ਮੁੜ ਸੂਰਜ ਦੀ ਬਣ ਜਾਵੇਗੀ
.......
ਨਿੱਤ ਦਿਹਾੜੇ
ਇੰਝ ਹੀ ਸੂਰਜ
ਭੋਲ਼ੀ ਭਾਲ਼ੀ
ਧਰਤ ਵਿਚਾਰੀ
ਨੂੰ ਭੋਗੇਗਾ
......
ਧਰਤੀ ਵਿਚਾਰੀ
ਲੱਜਾ ਮਾਰੀ
ਸੂਰਜ ਸਾਹਵੇਂ
ਚੁੱਪ ਰਹੇਗੀ
ਫਿਰ ਜਦ ਸੂਰਜ
ਛਲ਼ ਜਾਵੇਗਾ
ਮੂੰਹ ਤੇ ਕਾਲ਼ਖ
ਮਲ਼ ਜਾਵੇਗਾ
ਧਰਤ ਵਿਚਾਰੀ
ਲੱਜਾ ਮਾਰੀ
ਕਾਲ਼ਖ ਦੀ
ਬੁੱਕਲ਼ ਵਿਚ ਬਹਿ ਕੇ
ਰੱਜ ਰੋਵੇਗੀ
ਮੂੰਹ ਧੋਵੇਗੀ
ਤੇ ਕੱਲ੍ਹ ਮੁੜ
ਸੂਰਜ ਦੀ ਹੋਵੇਗੀ!

===========

ਆਵੋ ਨੀ ਕੋਈ ਆਵੋ...!
ਗੀਤ
ਆਵੋ ਨੀ ਕੋਈ ਆਵੋ
ਮੇਰੇ ਹੱਥੀਂ ਮਹਿੰਦੀ ਲਾਵੋ
ਮੇਰੇ ਹੱਥੀਂ ਰੇਖਾ ਮਿਟੀਆਂ
ਕੋਈ ਰੇਖਾ ਨਵੀਂ ਬਣਾਵੋ
---
ਆਵੋ ਨੀ ਕੋਈ ਆਵੋ
ਕੋਈ ਮੇਰੇ ਵਿਹੜੇ ਆਵੋ
ਮੇਰਾ ਵਿਹੜਾ ਕੰਜ ਕੁਆਰਾ
ਕੋਈ ਆਵੋ ਝੁੰਮਰ ਪਾਵੋ
----
ਆਵੋ ਨੀ ਕੋਈ ਆਵੋ
ਕੋਈ ਕੋਰਾ ਘੜਾ ਲਿਆਵੋ
ਮੈਂ ਕੰਢਿਆਂ ਤੋੜੀਂ ਭਰਦਾਂ
ਮੇਰੇ ਸੇਜਲ ਨੈਣ ਛੁਹਾਵੋ
----
ਆਵੋ ਨੀ ਕੋਈ ਆਵੋ
ਕੋਈ ਧਾਅ ਗਲਵੱਕੜੀ ਪਾਵੋ
ਮੈਨੂੰ ਪੱਤੀ ਪੱਤੀ ਕਰਕੇ
ਸਜਨ ਦੀ ਸੇਜ ਵਿਛਾਵੋ
----
ਜਾਵੋ ਨੀ ਕੋਈ ਜਾਵੋ
ਬੱਸ ਏਨਾ ਹੀ ਕਹਿ ਆਵੋ
ਕੋਈ ਅਰਘ ਸਜਾਈ ਬੈਠਾ
ਆਵੋ ਇੱਕ ਨਜ਼ਰ ਛੁਹਾਵੋ


2 comments:

सतपाल ख़याल said...

ਜਾਵੋ ਨੀ ਕੋਈ ਜਾਵੋ।
ਬੱਸ ਏਨਾ ਹੀ ਕਹਿ ਆਵੋ
ਕੋਈ ਅਰਘ ਸਜਾਈ ਬੈਠਾ
ਆਵੋ ਇੱਕ ਨਜ਼ਰ ਛੁਹਾਵੋ।
bahut vadhia..

M S Sarai said...

Tamanna Jio
Saanu Ushak ji di kitaab chhapaun ate paathkan tak puchaun da anand aa riha hai. Ushak ji di kalm nu salaam.
Tuhaada v dhanwaad. Ajj de is shoshebaazi de yug 'ch apni maa boli lae kujh karna koi chhoti gal nahi. May God bless you.
Tuhada apna
Mota Singh Sarai
Walsall, UK.