ਗੀਤ
ਮਾਰੂਥਲ ‘ਚੋਂ ਜਿਉਂ ਕੋਈ ਬੱਦਲੀ
ਪਲ ਛਿਣ ਲਈ ਲੰਘ ਜਾਏ।
ਇਉਂ ਜੀਵਨ ਵਿਚ ਤਪਸ਼ ਦਿਹਾੜੇ
ਜ਼ੁਲਫ਼ ਤੇਰੀ ਲਹਿਰਾਏ।
ਮਾਰੂਥਲ ‘ਚੋਂ ਜਿਉਂ............
----
ਦਿਲ ‘ਚ ਸਾਂਭੀ ਤੇਰੀ ਯਾਦ ਅਸਾਂ ਨੇ
ਸਾਂਭੀ ਜਿਉਂ ਸਰਮਾਇਆ।
ਜਦ ਵੀ ਚੀਸ ਕਲੇਜੇ ਉੱਠੀ,
ਉਸਨੂੰ ਗਲ਼ ਨਾਲ਼ ਲਾਇਆ।
ਪਿਆਰ ਤੇਰੇ ਦੀ ਮੂਰਤੀ ਖ਼ਾਤਰ
ਹੰਝੂ ਭੇਟ ਲੈ ਆਏ...
ਮਾਰੂਥਲ ‘ਚੋਂ ਜਿਉਂ............
---
ਬਿਰਹਾ ਵਿਚ ਅਸੀਂ ਜਲ਼ ਮੁੱਕੇ
ਯਾਦ ਤੇਰੀ ਪਰ ਜੀਵੇ।
ਬਣੀ ਪਵਿੱਤਰ ਦੇਵੀ ਵਾਂਗੂੰ
ਹੰਝੂ ਅੰਮ੍ਰਿਤ ਪੀਵੇ।
ਰੇਗਿਸਤਾਨ ਵਿਚ ਕਿਉਂ ਭਾਲ਼ੇਂ
ਜਿੰਦੇ ਨੀ ਤੂੰ ਸਾਏ...
ਮਾਰੂਥਲ ‘ਚੋਂ ਜਿਉਂ............
----
ਕਦੇ ਕਦੇ ਮਹਿਸੂਸ ਹੈ ਹੁੰਦਾ
ਹੋਏ ਵੀ ਅਣਹੋਏ।
ਅੰਬਰ ਕੋਲ਼ੋਂ ਪੁੱਛ ਲੈ ਜਾਕੇ
ਕਿੰਨੇ ਅੱਥਰੂ ਰੋਏ।
ਖ਼ੁਸ਼ੀਆਂ ਦੇ ਪਲ ਸਾਰੇ ਹੀ ਨੇ
ਹੋ ਗਏ ਜਿਉਂ ਪਰਾਏ....
ਮਾਰੂਥਲ ‘ਚੋਂ ਜਿਉਂ............
----
ਤੇਰੇ ਮਾਂਗਟ ਨੇ ਤਾਂ ਜੀਵਨ
ਏਦਾਂ ਹੀ ਬਿਤਾਣਾ।
ਯਾਦ ਤੇਰੀ ਗਲ਼ ਨਾਲ਼ ਲਗਾ ਕੇ
ਦੁਖੜਾ ਫੋਲ ਸੁਨਾਣਾ।
ਬਿਨ ਬੋਲੇ ਵੀ ਡਰ ਹੈ ਕਿਧਰੇ
ਤੋਹਮਤ ਨਾ ਲੱਗ ਜਾਏ...
ਮਾਰੂਥਲ ‘ਚੋਂ ਜਿਉਂ............
No comments:
Post a Comment