ਮੇਰੇ ਪਿੰਡ ਦੇ ਰੁੱਖਾਂ ਦੀ, ਮੇਰੇ ‘ਤੇ ਵੀ ਛਾਂ ਹੋਣੀ ਸੀ ।
ਜੇ ਪ੍ਰਦੇਸੀ ਨਾ ਹੁੰਦਾ ਤਾਂ, ਮੇਰੀ ਵੀ ਇੱਕ ਮਾਂ ਹੋਣੀ ਸੀ।
----
ਜ਼ਖ਼ਮੀ ਨਾ ਜੇ ਕੀਤੇ ਹੁੰਦੇ ਮੇਰੇ ਦਿਲ ਦੇ ਤੂੰ ਅਰਮਾਨ
ਮੇਰੇ ਮੋਹ ਦੀ ਸਾਰੀ ਦੌਲਤ ਤੇਰੇ ਹੀ ਫਿਰ ਨਾਂ ਹੋਣੀ ਸੀ!
----
ਪਰ ਨਾ ਕੁਤਰੇ ਹੁੰਦੇ ਜੇਕਰ ਮੇਰੇ ਮਨ ਦੇ ਪੰਛੀ ਦੇ,
ਅਰਸ਼ਾਂ ਦੇ ਵਿੱਚ ਫੇਰ ਉਡਾਰੀ ਮੇਰੀ ਵੀ ਉਤਾਂਹ ਹੋਣੀ ਸੀ ।
----
ਬਾਗ ਦੀ ਮਾਲਣ ਜੇ ਨਾ ਬਣਦੀ, ਕਾਰਣ ਬਾਗ਼ ਉਜਾੜੇ ਦਾ,
ਫੁੱਲਾਂ, ਰੰਗਾਂ ‘ਤੇ ਖ਼ੁਸ਼ਬੂਆਂ ਦੀ ਉਹ ਦਾਸਤਾਂ ਹੋਣੀ ਸੀ।
----
ਸੁੱਚੇ-ਸੱਚੇ ਪਿਆਰ ਦਾ ਰਿਸ਼ਤਾ ਜੇ ਨਾ ਕਰਦਾ ਤੂੰ ਬਦਨਾਮ ,
ਮੇਰੀਆਂ ਨਜ਼ਰਾਂ ਵਿੱਚ ਤੇਰੀ ਬਹੁਤ ਉੱਚੀ ਥਾਂ ਹੋਣੀ ਸੀ।
No comments:
Post a Comment