ਗੀਤ
ਪੱਕ ਚੱਲੀਆਂ, ਕਣਕ ਦੀਆਂ ਬੱਲੀਆਂ,
ਵੇ ਆ ਜਾ ਮਾਹੀ ਵਾਢੀ ਪਾ ਦੀਏ, ਰੁੱਤਾਂ ਚੱਲੀਆਂ।
----
ਦੂਰ-ਦੂਰ ਸੋਨਾ ਸਾਡੇ, ਖੇਤਾਂ ‘ਚ ਚਮਕਦਾ,
ਲੱਖ-ਲੱਖ ਬਣਿਆ ਏ, ਦਾਣਾ-ਦਾਣਾ ਕਣਕ ਦਾ,
ਇੰਝ ਲੱਗਦਾ ਏ ਆਸਾਂ ਹੁਣ ਫ਼ੱਲੀਆਂ।
ਵੇ ਆ ਜਾ ਮਾਹੀ...........................!
----
ਵੇਖ-ਵੇਖ ਦਾਣਿਆਂ ਨੂੰ, ਆ ਰਿਹਾ ਸਰੂਰ ਵੇ!
ਖੇਤਾਂ ਦਾ ਤੂੰ ਰਾਜਾ ਚੰਨਾ! ਖੇਤਾਂ ਦੀ ਮੈਂ ਹੂਰ ਵੇ!
ਤੇਜੋ, ਸ਼ਾਮੋ ਨੇ ਵੀ ਦਾਤੀਆਂ ਨੇ ਮੱਲੀਆਂ।
ਵੇ ਆ ਜਾ ਮਾਹੀ...........................!
----
ਵੱਢ-ਵੱਢ ਆਪਾਂ ਦੋਵੇਂ, ਢੇਰ ਖੇਤੀਂ ਲਾ ਦੀਏ,
ਸਿੱਟ ਖ਼ਲਵਾੜਿਆਂ ‘ਚ, ਗਾਹ ਫੇਰ ਪਾ ਦੀਏ,
ਗੋਰੇ, ਕਾਲ਼ੇ ਦੇ ਗਲ਼ਾਂ ‘ਚ ਪਾ ਕੇ ਟੱਲੀਆਂ।
ਵੇ ਆ ਜਾ ਮਾਹੀ...........................!
----
ਵੇਚ-ਵੱਟ ਆਪਾਂ ਦੋਵੇਂ, ਚੱਲੀਏ ਵਿਸਾਖੀ ਵੇ!
ਫ਼ਿਕਰਾਂ ਤੋਂ ਦੂਰ, ਮੁੱਕੀ ਫ਼ਸਲਾਂ ਦੀ ਰਾਖੀ ਵੇ!
ਆ ਕੇ ਬੀਜਾਂਗੇ ‘ਬਾਦਲਾ’ ਵੇ ਛੱਲੀਆਂ।
ਵੇ ਆ ਜਾ ਮਾਹੀ...........................!
No comments:
Post a Comment