ਨਜ਼ਮ
ਫੁੱਲ:
ਕੇਰਾਂ ਪੁੱਛਿਆ ਫੁੱਲ ਨੇ ਭੌਰ ਕੋਲ਼ੋਂ,
ਕਿਉਂ ਕੋਝੇ ਕਰਮ ਕਮਾਈ ਜਾਵੇਂ ।
ਇਕ ਫੁੱਲ ‘ਤੇ ਟਿਕ ਕੇ ਬੈਠਦਾ ਨੀ,
ਬੇ-ਸੁਰਾ ਸੰਗੀਤ ਸੁਣਾਈ ਜਾਵੇਂ ।
ਮੇਰੇ ਕੋਮਲ ਹੁਸਨ ਦਾ ਜਾਮ ਪੀਕੇ,
ਤੂੰ ਮੇਰਾ ਵੀ ਰੂਪ ਗਵਾਈ ਜਾਵੇਂ ।
ਫਿਟ ਲਾਹਣਤਾਂ ਤੈਨੂੰ ਪਾਉਣ ਲੋਕੀਂ,
ਕਿਉਂ ਆਪਣੀ ਕਦਰ ਘਟਾਈ ਜਾਵੇਂ ।
----------
ਫੁੱਲ ਆਪਣੀ ਸਿਫ਼ਤ ਕਰਦਾ:
ਮੈਨੂੰ ਖਿੜਿਆ ਦੇਖ ਰਾਹੀ ਖੁਸ਼ ਹੁੰਦੇ,
ਹਰ ਕੋਈ ਖੁਸ਼ਬੋਈ ਨੂੰ ਮਾਣਦਾ ਹੈ ।
ਮੈਂ ਖੁਸ਼ੀਆਂ ਵੰਡਾਂ ਵਿੱਚ ਸੰਸਾਰ ਸਾਰੇ,
ਸੁਹੱਪਣ ਮੇਰੇ ਤੇ ਕੁਲ ਜਹਾਨ ਦਾ ਹੈ ।
ਤੈਨੂੰ ਹਰ ਕੋਈ ਨਫ਼ਰਤ ਨਾਲ ਵੇਖੇ,
ਹੱਥ ਮਾਰ ਕੇ ਤੈਨੂੰ ਦੁਰਕਾਰਦਾ ਹੈ ।
ਤੂੰ ਕਾਲ਼ਾ ਭੂੰਡ ਤੇ ਕਾਲ਼ਾ ਰੰਗ ਤੇਰਾ,
ਹੁਸਨ ਦਾ ਲੋਭੀ ਮਨ ਸ਼ੈਤਾਨ ਦਾ ਹੈ ।
----------
ਭੌਰ:
ਭੌਰੇ ਆਖਿਆ ਸੋਚ ਕੇ ਫੁੱਲ ਤਾਈਂ,
ਮੰਨਿਆ ਮੈਂ ਕਾਲਾ ਭੂੰਡ ਸਦਾਂਵਦਾ ਹਾਂ।
ਕਾਲਾ ਰੰਗ ਬਖਸ਼ਿਆ ਕਰਤਾਰ ਮੇਰੇ,
ਸੱਚੇ ਰੱਬ ਦੇ ਹੀ ਗੁਣ ਗਾਂਵਦਾ ਹਾਂ ।
ਕਾਦਰ ਦੀ ਕੁਦਰਤ ਦੇ ਕੁਰਬਾਨ ਜਾਵਾਂ,
ਤਾਹੀਂਓ ਤੇਰੇ ਉੱਤੇ ਮੰਡਲਾਂਵਦਾ ਹਾਂ ।
ਜਦੋਂ ਪੱਤੀਆਂ ਵਿੱਚ ਤੂੰ ਘੁੱਟ ਲੈਂਦਾਂ,
ਉਸਦੀ ਯਾਦ ਵਿੱਚ ਰਾਤ ਬਿਤਾਂਵਦਾ ਹਾਂ ।
----------
ਫੁੱਲ:
ਫੁੱਲ ਨੇ ਸੋਚ ਕੇ ਜਰਾ ਜਵਾਬ ਦਿੱਤਾ,
ਨਾ ਭੌਰਿਆ ਮੇਰੇ ਤੇ ਰੋਹਬ ਜਮਾ ਐਵੇਂ ।
ਗੁਰੂ ਘਰਾਂ ਮੰਦਰਾਂ ਵਿੱਚ ਪਰਵਾਨ ਹੋਵਾਂ,
ਗੁੰਦ ਕੇ ਹਾਰ ਨਾ ਲੋਕੀਂ ਚੜ੍ਹਾਣ ਐਵੇਂ ।
ਹਰ ਘਰ ਦਾ ਮੈਂ ਸਦਾ ਸ਼ਿੰਗਾਰ ਬਣਦਾ,
ਫੁੱਲਦਾਨਾਂ ਵਿੱਚ ਨਾ ਲੋਕੀਂ ਸਜਾਣ ਐਵੇਂ ।
ਜਵਾਨ ਦਿਲਾਂ ਦੀ ਧੜਕਣ ਹਾਂ ਮੈਂ,
ਸੇਜ ਫੁੱਲਾਂ ਦੀ ਨਾ ਪ੍ਰੇਮੀ ਵਿਛਾਣ ਐਵੇਂ ।
----------
ਭੌਰ:
ਮੈਂ ਤਾਂ ਬੱਸ ਆਸ਼ਕ ਤੇਰੇ ਰੂਪ ਦਾ ਹਾਂ,
ਸੇਜ ਫੁੱਲਾਂ ਦੀ ਵਾਂਗ ਮਧੋਲਦਾ ਤੇ ਨਹੀਂ ।
ਤੇਰੇ ਪਿਆਰੇ ਜੇਹੇ ਮੁੱਖ ਨੂੰ ਛੋਹ ਲੈਂਦਾਂ,
ਬੇ ਕਦਰੇ ਵਾਂਗੂੰ ਡਾਲੀ ਤੋਂ ਤੋੜਦਾ ਤੇ ਨਹੀਂ ।
ਮੈਂ ਸੱਜਰੀ ਤਰੇਲ਼ ਵਿੱਚ ਨਹਾ ਲੈਂਦਾਂ,
ਪੁਜਾਰੀ ਵਾਂਗੂੰ ਨਦੀ ਵਿੱਚ ਰੋੜ੍ਹਦਾ ਤੇ ਨਹੀਂ ।
ਭੌਰ ਹੁੰਦੇ ਹਨ ਭੁੱਖੇ ਸਿਰਫ ਵਾਸ਼ਨਾ ਦੇ,
ਮਹਿਕ ਬਿਨਾਂ ਹੋਰ ਕੁੱਝ ਲੋੜਦਾ ਤੇ ਨਹੀਂ ।
----------
ਫੁੱਲ:
ਜਦੋਂ ਤੱਕ ਮੇਰੇ ਉੱਤੇ ਹੁਸਨ ਰਹਿੰਦਾ,
ਤੂੰ ਮੇਰਾ ਰੱਜ ਕੇ ਰੂਪ ਹੰਢਾ ਲੈਂਦਾਂ ।
ਜਦੋਂ ਮੁਰਝਾ ਕੇ ਜਰਾ ਕਰੂਪ ਹੋਵਾਂ,
ਮੇਰੇ ਕੋਲੋਂ ਝੱਟ ਮੁੱਖ ਭਵਾਂ ਲੈਂਦਾਂ ।
ਜਦੋਂ ਪੱਤੀਆਂ ਮੇਰੀਆਂ ਸੁੱਕ ਜਾਵਣ,
ਜਾ ਕੇ ਹੋਰ ਕਿਤੇ ਡੇਰਾ ਲਾ ਬੈਂਹਦਾਂ ।
ਚਮੇਲੀ ਕੋਲੋਂ ਪੁੱਛ ਜੇ ਇਤਬਾਰ ਨਹੀਂ,
ਝੱਟ ਨਿਗ੍ਹਾ ਕਿਤੇ ਹੋਰ ਟਿਕਾ ਲੈਂਦਾਂ ।
----------
ਭੌਰ:
ਤੈਨੂੰ ਮੁਰਝਾਉਂਦਾ ਦੇਖ ਨਾ ਝੱਲ ਹੋਵੇ,
ਮੇਰਾ ਸੁਭਾਅ ਨਾ ਤੈਥੋਂ ਪਛਾਣ ਹੋਇਆ ।
ਜੋ ਜੰਮਿਆ ਉਸ ਇਕ ਦਿਨ ਮਰ ਜਾਣਾ,
ਉਸਦਾ ਭੇਦ ਨਹੀਂ ਤੈਥੋਂ ਜਾਣ ਹੋਇਆ ।
ਹਰ ਫੁੱਲ ‘ਚੋਂ ਨਜ਼ਰ ਭਗਵਾਨ ਆਵੇ,
ਸਿਰਜਣਹਾਰੇ ਤੋਂ ਮੈਂ ਕੁਰਬਾਨ ਹੋਇਆ ।
ਰੱਬੀ ਰੰਗ ਵਿੱਚ ਮੈਂ ਹਾਂ ਰੰਗ ਹੋਇਆ,
‘ਘੁੰਮਣ’ ਐਵੇਂ ਭੌਰਾ ਜੱਗ ਬਦਨਾਮ ਹੋਇਆ।
1 comment:
Ghuman Sahib
Phul ate bhaure da mail ik change andaaz 'ch keeta hai. Merian shubh ishawaan tuhade naal ne.
Mota Singh Sarai
Post a Comment