ਦੋਸਤੋ! ਅੱਜ ਸਵੇਰੇ ਗ਼ਲਤੀ ਨਾਲ਼ ਧਾਲੀਵਾਲ ਸਾਹਿਬ ਦੀ ਪੁਰਾਣੀ ਨਜ਼ਮ ਦੋਬਾਰਾ ਪੋਸਟ ਹੋ ਗਈ ਸੀ। ਸੁਧਾਰ ਕਰਦਿਆਂ ਪੇਸ਼ ਹੈ..ਉਹਨਾਂ ਦੀ ਨਵੀਂ ਤੇ ਬੇਹੱਦ ਖ਼ੂਬਸੂਰਤ ਨਜ਼ਮ...ਸ਼ੁਕਰੀਆ।
=====
ਡੈਡੀ
ਨਜ਼ਮ
ਡੈਡੀ---
ਤੂੰ ਬਹੁਤ ਯਾਦ ਆਉਂਦਾ ਹੈਂ ---
ਮੈਨੂੰ ਯਾਦ ਹੈ ਕਿ ਮੇਰੀ ਤੋਤਲੀ ਬੋਲੀ ਦੇ ਦਿਨੀਂ
ਚੌੜ ਕਰਦੀ ਮੈਂ ਕੁਰਸੀ ਤੋਂ ਡਿੱਗੀ ਸਾਂ
ਇੰਝ ਲੱਗਾ ਸੀ ਮੈਨੂੰ ਕਿ ਮੈਂ
ਮੁੜਕੇ ਸੰਭਲ ਨਹੀਂ ਸਕਣਾ।
ਤੇ ਤੂੰ ਵੀ ਇਸ ਤਰ੍ਹਾਂ ਮਹਿਸੂਸਿਆ ਸੀ
ਜਿਵੇਂ ਕੋਈ ਅਣਹੋਣੀ ਵਰਤ ਗਈ ਹੈ।
............
ਪਰ
ਤੇਰੇ ਮਜ਼ਬੂਤ ਹੱਥਾਂ ਸਾਂਭ ਲਿਆ ਸੀ ਮੈਨੂੰ।
ਤੇ---ਤੂੰ ਗੋਡਿਆਂ ਭਾਰ ਹੋਇਆ
ਦਿਲਾਸਿਆਂ ਦੇ ਬੁੱਕ ਭਰ ਭਰ
ਮੇਰੇ ਹੌਸਲੇ ਨੂੰ ਹੰਭਲ਼ਾ ਦਿੰਦਾ ਰਿਹਾ ਸੈਂ।
....................
ਸਹਿਮੀਆਂ ਲਲਚਾਈਆਂ ਨਜ਼ਰਾਂ ਨਾਲ
ਮੈਨੂੰ ਹਸਦਿਆਂ ਵੇਖਣ ਲਈ ਵਿਆਕੁਲ ਸੈਂ
ਉਹ ਤੇਰੀ ਤੱਕਣੀ ਮੈਨੂੰ ਹਾਲੀ ਵੀ ਚੇਤੇ ਹੈ।
ਕੇਡਾ ਤਰਸਿਆ ਪਿਆ ਸੈਂ ਤੂੰ ਮੇਰੀ ਮੁਸਕਾਣ ਖਾਤਰ?
ਤੂੰ ਬਹੁਤ ਯਾਦ ਆਉਂਦਾ ਹੈਂ ---ਡੈਡੀ ।
......................
ਮੈਨੂੰ ਹਾਲੀ ਵੀ ਚੇਤੇ ਹੈ
ਕਿ ਮੇਰੇ ਸਕੂਲੋਂ ਪਰਤਣ ਤੇ
ਆਪਣੀ ਬੁੱਕਲ ‘ਚ ਬਿਠਾ
ਮੈਥੋਂ ਸਾਰੇ ਦਿਨ ਦੀਆਂ ਵਾਰਦਾਤਾਂ
ਸੁਨਣ ਲਈ ਲਲਚਾਇਆ ਜਾਂਦਾ ਸੈਂ
ਅਧਿਆਪਕ ਦੀ ਟੀਰੀ ਅੱਖ ਤੇ ਖਰਵੀਂ ਦਾਹੜੀ ਤੋਂ ਲੈ ਕੇ
ਤੱਤੀ ਧੁੱਧਲ ‘ਚ
ਅੱਕ-ਪੱਤੇ ਪੈਰਾਂ ਦੀਆਂ ਤਲੀਆਂ ਤੇ ਬੰਨ
ਜੁੱਤੀ ਝੋਲੇ ‘ਚ ਪਾਉਣ ਤੱਕ ਦੀ ਕਹਾਣੀ।
....................
ਰੋਜ਼ ਸੁਣਦਾ ਸੈਂ ਓਹੋ ਹੀ ਕਹਾਣੀ
(ਪਰ)ਇੰਝ ਖੀਵਾ ਹੋਇਆ ਰੁੱਝ ਜਾਂਦਾ ਸੈਂ
ਮੇਰੀ ਵਾਰਤਾ ਦੇ ਹੁੰਗਾਰੇ ‘ਚ
ਜਿਵੇਂ ਪਹਿਲੀ ਵਾਰ ਸੁਣ ਰਿਹਾ ਹੋਵੇਂ---
ਤੂੰ ਬਹੁਤ ਯਾਦ ਆਉਂਦਾ ਹੈਂ ਡੈਡੀ।
..................
ਡੈਡੀ----
ਯਾਦ ਹੈ ਤੈਨੂੰ
ਮੈਂ ਤੇਰੀ ਖਰੀਦੀ ਫਰਾਕ ਪਹਿਨ ਕੇ
ਕਿੰਨੀਆਂ ਨੁਕਸਾਂ ਕੱਢਿਆ ਕਰਦੀ ਸਾਂ
ਤੇ –ਤੂੰ ਆਪਣੀ ਗਲਵੱਕੜੀ ‘ਚ ਲੈ
ਵਟਾ ਕੇ ਹੋਰ ਲਿਆਉਣ ਦਾ ਇਕਰਾਰ ਕਰਦਾ ਸੈਂ
ਤੂੰ ਕਦੀ ਵੀ ਇਕ਼ਰਾਰ ਟੁੱਟਣ ਨਾ ਦਿੱਤਾ
ਮੇਰੇ ਕਦੀ ਵੀ
ਤੇਰੀ ਲਿਆਂਦੀ ਫਰਾਕ ਪਸੰਦ ਨਾ ਆਈ
ਪਰ ਪਹਿਨ ਲੈਂਦੀ ਸਾਂ
ਤੇ ਕਰ ਲੈਂਦੀ ਸਾਂ
ਤੇਰੀਆਂ ਲੇਲੜ੍ਹੀਆਂ ਕੱਢਦੀਆਂ ਨਜ਼ਰਾਂ ਨਾਲ
ਮੁਹੱਬਤਾਂ ਭਰਿਆ ਸਮਝੌਤਾ।
ਤੂੰ ਬਹੁਤ ਯਾਦ ਆਉਂਦਾ ਹੈਂ ਡੈਡੀ।
.................
ਤੇ ਅੱਜ----
ਜਦੋਂ ਤੇਰੀ ਨਿੱਕੇ ਨਿੱਕੇ ਹੱਥਾਂ ਵਾਲੀ
ਤੋਤਲੀ ਬੋਲੀ ਵਾਲੀ
ਤੇ ਕੋਸੀ ਕੋਸੀ ਧੁੱਪ ਦੇ ਹਾਸੇ ਵਰਗੀ ਧੀ
ਜੁਆਨ ਹੋ ਗਈ ਹੈ
ਤੇ ਆਪਣੀ ਫਰਾਕ ਆਪ ਖਰੀਦਣ ਗਈ ਹੈ
ਹਰ ਮੋੜ ਤੇ ਨਫ਼ਰਤਾਂ ਨਾਲ ਪੱਛੀ ਗਈ ਹੈ।
ਹਰ ਅੱਖ ਹਵਸੀ ਬਣੀ
ਚੌਰਾਹਿਆਂ ‘ਚ ਖੜ੍ਹੀ
ਭਰੇ ਬਾਜ਼ਾਰੀਂ ਉਸਨੂੰ ਨੰਗਿਆਂ ਕਰਦੀ ਹੈ
ਪੈਰ ਪੈਰ ਤੇ ਲੁੱਚੀਆਂ ਨਜ਼ਰਾਂ
ਉਸਦੇ ਜਿਸਮ ‘ਚੋਂ ਗੁਜ਼ਰ ਕੇ
ਉਸਨੂੰ ਗ਼ਲੀਜ਼ ਕਰਦੀਆਂ ਹਨ।
..................
ਉਹ ਸਹਿਮੀ, ਡਰੀ...........
ਵਾਪਸ ਪਰਤ ਆਈ ਹੈ।
ਆਪ
ਆਪਣੀ ਮਨਭਾਉਂਦੀ ਫਰਾਕ
ਖਰੀਦਣੋਂ ਅਸਮਰਥ ਹੋਈ ਵਿਲਕ ਰਹੀ ਹੈ
ਤੂੰ ਬਹੁਤ ਯਾਦ ਆਉਂਦਾ ਹੈਂ
ਡੈ----ਡੀ।
1 comment:
Dhaliwal Sahib Jio
Tuhaadi rachna nu parh ke guach jaan lae der nahi lagdi. Tuhadi likhi hoe kahaani v parh riha ha. Tihaadi har rachna maanan wali hi hundi hai.
Tuhada apna
Mota Singh Sarai
Post a Comment