ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, April 18, 2009

ਦਵਿੰਦਰ ਬਾਂਸਲ - ਨਜ਼ਮ

ਸਾਹਿਤਕ ਨਾਮ: ਦਵਿੰਦਰ ਬਾਂਸਲ

ਅਜੋਕਾ ਨਿਵਾਸ: ਕੈਨੇਡਾ

ਕਿਤਾਬਾਂ: ਮੇਰੀਆਂ ਝਾਂਜਰਾਂ ਦੀ ਛਨ ਛਨ (1998)

---

ਦੋਸਤੋ! ਸੁਖਿੰਦਰ ਜੀ ਨੇ ਮੈਡਮ ਦਵਿੰਦਰ ਬਾਂਸਲ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜੀਆਂ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮੈਡਮ ਬਾਂਸਲ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਨਜ਼ਮਾਂ ਨੂੰ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਬਾਂਸਲ ਜੀ ਦਾ ਏਨਾ ਕੁ ਹੀ ਸਾਹਿਤਕ ਵੇਰਵਾ ਸੁਖਿੰਦਰ ਜੀ ਨੇ ਭੇਜਿਆ ਹੈ ਜੇਕਰ ਉਹਨਾਂ ਦੀਆਂ ਕਿਤਾਬਾਂ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਹੋਈ ਤਾਂ ਜਲਦ ਹੀ ਅਪਡੇਟ ਕਰ ਦਿੱਤੀ ਜਾਏਗੀ। ਸੁਖਿੰਦਰ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ!

----------

ਮੇਰੇ ਸੁਫ਼ਨੇ

ਨਜ਼ਮ

ਮੇਰੇ ਸੁਫ਼ਨੇ

ਮੇਰੇ ਪੈਰਾਂ ਚ ਪਈਆਂ ਝਾਂਜਰਾਂ ਵਾਂਗ

ਛਨ ਛਨ ਕਰਦੇ ਹਨ

.........................

ਛਨਛਨ ਚੋਂ ਇੱਕ ਗੀਤ ਦੀ

ਆਵਾਜ਼ ਆਉਂਦੀ ਹੈ:

ਬਹਾਰ ਦੀ ਰੁੱਤ ਆ ਰਹੀ ਹੈ

ਹਜ਼ਾਰਾਂ ਰੰਗਾਂ ਦੇ ਫੁੱਲ

ਖਿੜਣ ਵਾਲੇ ਹਨ

ਜਿਵੇਂ ਮੇਰੀਆਂ...

ਅੱਧ ਜਾਗੀਆਂ ਅੱਖਾਂ

ਜਾਗ ਰਹੇ ਹਨ

ਕਿਸੇ ਸੂਰਜਮੁਖੀ ਦੇ ਨਕਸ਼

=========

ਬੁਝਿਆ ਹੋਇਆ ਦੀਵਾ

ਨਜ਼ਮ

ਮਹਿਜ਼

ਆਪਣੇ ਨੱਕ,

ਪੱਗ ਅਤੇ ਧੌਲੇ ਝਾਟਿਆਂ ਦੀ

ਲੱਜ ਪਿੱਟਦੇ,

ਮਜਬੂਰੀਆਂ ਦੇ ਕੀਰਨੇ ਪਾ,

ਬੇਵਸੀ ਦੇ ਹੰਝੂ ਕੇਰ

ਵਿਚੋਲਿਆਂ ਦੇ ਕੰਧਿਆਂ ਤੇ

ਧੀਆਂ ਦੀਆਂ ਅੱਧ ਜਲੀਆਂ ਲੋਥਾਂ ਉਠਾ

ਭਾਂਡੇ, ਟੀਂਡਿਆਂ ਤੇ ਕੱਪੜਿਆਂ ਦੀ ਸਮੱਗਰੀ ਸੰਗ

ਮਨੌਤੀਆਂ ਦਾ ਬਾਲਣ ਪਾ ਕੇ

ਸਿਵਿਆਂ ਵਿੱਚ ਸਵਾਹ ਹੋਣ ਲਈ

ਛੱਡ ਆਂਦੇ ਹਨ - ਮਾਪੇ

............................

ਆਪਣੇ ਹੱਥੀਂ ਲਾਸ਼ ਨੂੰ ਲਾਂਬੂ ਲਾ ਕੇ

ਕੂਕਾਂ ਮਾਰ ਉਲਾਹਣੀਆਂ ਦਿੰਦੇ

ਮੁੜ ਮੁੜ ਦੁਹਰਾਂਦੇ - ਮਾਪੇ

...........................

ਧੀਆਂ ਨਾ ਰੱਖੀਆਂ ਰਾਜਿਆਂ ਰਾਣੀਆਂ

ਮਘਦੀ ਭੱਠੀ

ਬਿੱਲੋ ਰਾਣੀਏਂ....

ਤੈਨੂੰ ਵੀ ਬਲਣਾ ਪੈਣਾ

ਅਸੀਂ ਤਾਂ ਤੈਨੂੰ ਜਨਮ ਹੀ ਦਿੱਤਾ

ਪੀਲੀ, ਨੀਲੀ, ਚਿੱਟੀ, ਕਾਲੀ

ਭਾਗ ਤੇਰੇ

ਤੂੰ

ਧੁਰੋਂ ਲਿਖਾ ਕੇ ਲਿਆਈ


No comments: