ਝੋਲ਼ੀ ਚੁੱਕ ਨੇ ਰਹਿੰਦੇ ਚੁਕਦੇ, ਓਧਰ ਵੀ ਤੇ ਐਧਰ ਵੀ।
ਅਣਖੀ ਬੰਦੇ ਕਦੇ ਨਾ ਮੁਕਦੇ, ਓਧਰ ਵੀ ਤੇ ਐਧਰ ਵੀ।
----
ਕਾਮ, ਕ੍ਰੋਧ, ਲੋਭ, ਮੋਹ ਅਤੇ ਹਰਖ ਸੋਗ ਜੀਵਨ ਦੇ ਕੀੜੇ,
ਈਰਖਾ ਵਰਗੇ ਰੋਗ ਨੀ ਮੁਕਦੇ, ਓਧਰ ਵੀ ਤੇ ਐਧਰ ਵੀ।
----
ਭੁੱਖਣ-ਭਾਣੇ ਹੋਏ ਨਾ ਭਗਤੀ, ਲੋਕ ਉਡਣ ਪਰਦੇਸਾਂ ਨੂੰ,
ਘਰਾਂ ਵਿਚ ਬੈਠੇ ਮਾਪ ਸੁਕਦੇ, ਓਧਰ ਵੀ ਤੇ ਐਧਰ ਵੀ।
----
ਪੰਗੇ-ਬਾਜ ਪਾਈ ਜਾਣ ਪੰਗੇ, ਥਾਂ ਥਾਂ ਬਿੜਕਾਂ ਜੰਗ ਦੀਆਂ,
ਅੱਤਵਾਦੀ ਹਨ ਅੱਤਾਂ ਚੁਕਦੇ, ਓਧਰ ਵੀ ਤੇ ਐਧਰ ਵੀ।
----
ਮਾਵਾਂ ਹੁੰਦੀਆ ਠੰਢੀਆਂ ਛਾਵਾਂ, ਪੁੱਤਰ ਵੈਰੀ ਬਣ ਜਾਵਣ,
ਅਕਸਰ ਜੰਮੇ ਇਕੋ ਕੁੱਖ ਦੇ, ਓਧਰ ਵੀ ਤੇ ਐਧਰ ਵੀ।
----
ਮਾਪੇ, ਹੁਸਨ, ਜਵਾਨੀ ਸੱਜਣਾ, ਇਕ ਇਕ ਕਰਕੇ ਮੁੱਕ ਜਾਣੇ,
ਨਹੀਂ ਮੁਕਦੇ ਤਾਂ ਦੁੱਖ ਨੀ ਮੁਕਦੇ, ਓਧਰ ਵੀ ਤੇ ਐਧਰ ਵੀ।
----
ਮਨ ਦੀ ਬੀਨ ਵਜਾ ਕੋਈ ਘਣਗਸ, ਤੇਰੇ ਪਲ ਵੀ ਮੁੱਕ ਜਾਣੇ,
ਕੰਮ-ਧੰਦੇ ਪਰ ਕਦੇ ਨਾ ਮੁਕਦੇ, ਓਧਰ ਵੀ ਤੇ ਐਧਰ ਵੀ।
No comments:
Post a Comment