ਨਜ਼ਮ
ਸਖੀ ਜੇ ਕਦੇ
ਸ਼ੁਰੂ-ਸਫ਼ਰ
ਕਨਸੋਅ ਪੈ ਜਾਂਦੀ
ਕਿ ਪੰਧ ਅਜਾਈਂ ਮੁੱਕ ਜਾਏਗਾ
ਤਾਂ ਮੈਂ ਰਤਾ ਕੁ
ਰੁਕ ਲੈਂਦੀ !
..................
ਬਹਾਰਾਂ ਦੇ ਮੌਸਮਾਂ ‘ਚ
ਦੂਰ ਤੱਕ ਫ਼ੈਲੀਆਂ
ਖੁੱਲ੍ਹੀਆਂ ਚਰਾਗਾਹਾਂ ‘ਚ ਉਗੇ
ਜੰਗਲੀ ਫੁੱਲਾਂ ਦੀਆਂ
ਤਾਜ਼ੀਆਂ ਸੁਗੰਧੀਆਂ ਨਾਲ
ਆਪਣੀ ਰੂਹ ਭਰ ਲੈਂਦੀ !
...............
ਕਦੇ ਕਿਸੇ ਝੀਲ ਦੇ ਕੰਢੇ ਪਏ
ਨਰਮ ਪੱਥਰਾਂ ‘ਤੇ
ਵਿਹਲੀ ਜਿਹੀ ਬਹਿ
ਦੂਰ ਤਕ ਫੈਲੇ
ਦਿਲਕਸ਼ ਪਰਬਤਾਂ ਨੂੰ ਤੱਕਦੀ
ਤੇ ਨਦੀ ਜਿਹੀ ਤਰਲ
ਕਵਿਤਾ ਰਚ ਲੈਂਦੀ !
..................
ਮੇਰੀ ਸੋਚ
ਸਮੁੰਦਰ ਕੰਢੇ
ਹਵਾਵਾਂ ਦੀ
ਚੁੰਨੀ ਦੀ ਬੁੱਕਲ ਮਾਰ
ਕਦੇ ਬੇੜੀਆਂ
ਕਦੇ ਬਰੇਤਿਆਂ
ਕਦੇ ਬਾਦਵਾਨਾਂ ‘ਤੇ
ਸਫ਼ਰ ਕਰ ਲੈਂਦੀ !
.........................
ਕਦੇ
ਸਿੱਪੀਆਂ ਘੋਗੇ ਚੁਗਕੇ
ਗੀਟੇ ਖੇਡਦੀ
ਰੇਤ ‘ਚ ਨਹਾਉਂਦੀਆਂ
ਚਿੜੀਆਂ ਤੱਕਦੀ
ਉਹਨਾਂ ਦੀ ਚੀਂ ਚੀਂ ਦੇ
ਰਾਗ ‘ਚ ਮਸਤ ਹੋ
ਕਿਕਲੀ ਪਾਉਂਦੀ
ਉਸ ਕਾਦਰ ਦੇ ਨੇੜੇ ਹੋ ਲੈਂਦੀ !!
....................
ਪਰ ਸਖੀ!
ਪਤਾ ਨਹੀਂ
ਮੈਂ ਭ੍ਰਾਂਤੀਆਂ ਪਿਛੇ ਕਿਉਂ
ਭੱਜਦੀ ਰਹੀ
ਹਮਸਾਏ ਰੋਜ਼ ਜਾਗਦੇ
ਖਾਂਦੇ, ਪੀਂਦੇ, ਹੱਸਦੇ, ਰੋਂਦੇ
ਤੇ ਸੌਂ ਜਾਂਦੇ !
ਮੈਂ ਵੀ ਇਵੇਂ
ਕਰਦੀ ਰਹੀ !
.............
ਕਾਸ਼!
ਜੇ ਕਦੇ
ਇਹ ਸਫ਼ਰ ਫਿਰ ਤੋਂ ਸ਼ੁਰੂ ਹੋਵੇ
ਇਸ ਵਾਰ ਜੋ ਗਲਤੀ ਹੋਈ
ਫੇਰ ਨਾ ਹੋਵੇ !!
No comments:
Post a Comment