ਨਜ਼ਮ
ਮੈਂ ਕੁਝ ਚਲਾਕ ਜਿਹੇ
ਸ਼ਬਦਾਂ ਦੀ ਬੇੜੀ ‘ਤੇ ਬਹਿ ਕੇ
ਤੈਨੂੰ ਪਾਰ ਕਰਨ ਦੀ
ਕੋਸ਼ਿਸ਼ ਕਰਦਾ ਹਾਂ
..................
ਮੈਂ ਕੁਝ ਗਿਣੇ ਮਿਥੇ ਭਾਵਾਂ ਦੇ ਸਹਾਰੇ
ਤੈਨੂੰ ਸਰ ਕਰਨ ਦੀ
ਤਾਂਘ ਕਰਦਾ ਹਾਂ
....................
ਮੈਂ ਭਾਸ਼ਾ ਅਤੇ ਗਣਿਤ ਨਾਲ਼
ਅਨੰਤ ਅਤੇ ਨਿਰਾਕਾਰ ਦੀ
ਯਾਤਰਾ ਤੇ ਨਿਕਲ਼ਦਾ ਹਾਂ...
................
ਇਹ ਸਭ ਮੇਰੇ ਵਹਿਮ ਹਨ
ਇਹ ਯੋਗਤਾਵਾਂ ਧੋਖਾ ਹਨ
ਪਰ ਤੂੰ ਕੋਈ ਧੋਖਾ ਨਹੀਂ
ਤੂੰ ਨਦੀ ਬਣ ਮੇਰੇ ਹੀ ਅੰਦਰ ਵਗੇਂ
ਤੂੰ ਪਰਬਤ ਬਣ ਮੇਰੇ ਹੀ ਅੰਦਰ ਖੜ੍ਹੇਂ...
..............
ਮੈਂ ਅਖੌਤੀ ਜਾਣਕਾਰੀ ਦੇ
ਕੂੜ ਥੱਲੇ ਦੱਬਿਆ
ਸੱਭਿਅਕ ਹੋਣ ਦੀ
ਅਦਾਕਾਰੀ ਕਰਦਿਆਂ
ਧੋਖੇਬਾਜ਼ੀ ਨੂੰ
ਢਕਦਾ ਫਿਰਦਾ ਹਾਂ....
2 comments:
khoobsoorat te bar-haqq khayaalaat,janaab;mubaarak
Ik-ik shabad sambhanyog......sunder.
Post a Comment