ਤੂੰ ਫ਼ਰੇਬੀ ਜ਼ਿੰਦਗੀ ਦੇ ਇਹ ਛਲਾਵੇ ਦੇਖ ਲੈ।
ਰਾਤ ਦਾ ਮਾਤਮ ਮਨਾਂਦੇ ਦਿਨ ਦਿਖਾਵੇ, ਦੇਖ ਲੈ।
----
ਸ਼ੂਕਦੀ ਗਲ਼ੀਓ-ਗਲ਼ੀ ਚੱਤੋ ਪਹਿਰ ਪਾਗ਼ਲ ਹਵਾ,
ਝੜ ਗਏ ਪੱਤਿਆਂ ਨੂੰ ਆਵਾਰਾ ਬਣਾਵੇ ਦੇਖ ਲੈ।
----
ਇਸ ਤ੍ਰੇਹੀ ਧਰਤ ਦੇ ਸੀਨੇ ਤ੍ਰੇੜਾਂ ਦੇਖ ਕੇ,
ਡਗਮਗਾ ਚੱਲੇ ਨੇ ਦਰਿਆਵਾਂ ਦੇ ਦਾਵੇ ਦੇਖ ਲੈ।
----
ਗੋਦ ਮੇਰੀ ਖੇਲਦਾ ਦਿਨ ਟੁਰ ਗਿਆ ਦੂਜੇ ਗਰਾਂ,
ਸੌਂ ਗਈ ਹੈ ਰਾਤ ਮੇਰੇ ਹੀ ਕਲ਼ਾਵੇ ਦੇਖ ਲੈ।
----
ਜੋ ਰਹੇ ਧੁਖਦੇ ਸਦਾ ਪਰ ਕਰ ਸਕੇ ਨਾ ਰੌਸ਼ਨੀ,
ਅਸਤਦਾ ਸੂਰਜ ਉਨ੍ਹਾਂ ‘ਤੇ ਮੁਸਕਰਾਵੇ, ਦੇਖ ਲੈ।
1 comment:
khubsoorat ate dil tumbvin gazal layi bahut-bahut mubarak
Post a Comment