ਗ਼ਜ਼ਲ
ਜਦ ਖਿੰਡਾਉਣੇ ਥਾਂ ਕੁਥਾਂ ਮਨ ਦੇ ਉਜਾਲੇ ਪੈ ਗਏ।
ਪੈ ਗਏ ਪੀਣੇ ਅਸਾਨੂੰ ਵਿਹੁ ਦੇ ਪਿਆਲੇ ਪੈ ਗਏ।
----
ਕੜਕਦੀ ਧੁੱਪੇ ਅਸੀਂ ਸ਼ਬਦਾਂ ਦੀ ਤੱਤੀ ਰੇਤ ‘ਤੇ,
ਜਦ ਟੁਰੇ, ਏਦਾਂ ਟੁਰੇ, ਜੀਭਾਂ ‘ਤੇ ਛਾਲੇ ਪੈ ਗਏ।
----
ਢਲ਼ਣ ਲੱਗੇ ਬਦਲੀਆਂ ਚੀਕਾਂ ‘ਚ ਜਦ ਸਾਡੇ ਸਵਾਲ,
ਬੋਲਿਆਂ ਬਦਲ਼ਾਂ ਨੂੰ ਵੀ ਜਾਨਾਂ ਦੇ ਲਾਲੇ ਪੈ ਗਏ।
----
ਦੀਵਿਆਂ ਵਾਂਗੂੰ ਲਟਾ ਲਟ ਬਲ਼ ਕੇ ਪਛਤਾਏ ਬਹੁਤ,
ਮਿਥ ਕੇ ਜਦ ਸਾਡੇ ਹੀ ਪਿੱਛੇ ਪਹੁ-ਫੁਟਾਲੇ ਪੈ ਗਏ।
----
ਬਣ ਕੇ ਫੁਲ ਅੱਗਾਂ ‘ਚੋਂ ਉੱਗੇ ਸਨ ਅਜੇ ਸਾਡੇ ਲਹੂ,
ਖਾਣ ਨੂੰ ਅੱਗੋਂ ਮਨਾਂ ਅੰਦਰਲੇ ਪਾਲੇ ਪੈ ਗਏ।
----
ਮਕੜੀਆਂ ਯਾਦਾਂ ਦੀਆਂ ਇਉਂ ਪਾਉਂਦੀਆਂ ਰਹੀਆਂ ਧਮਾਲ,
ਧੁੰਦਲੀਆਂ ਪਲਕਾਂ ‘ਚ ਆਕਾਰਾਂ ਦੇ ਜਾਲ਼ੇ ਪੈ ਗਏ।
----
ਕੀ ਕਿਸੇ ਫਨੀਅਰ ਸਪੋਲੇ ਨੇ ਗਲਾਂ ਨੂੰ ਡਸ ਲਿਆ?
ਕਿਉਂ ਵਿਲਕਦੀ ਸੋਚ ਦੇ ਹੋਠਾਂ ‘ਤੇ ਤਾਲੇ ਪੈ ਗਏ।
----
ਪੰਛੀਆਂ ਤੇ ਆ ਗਈ ਸ਼ਾਇਦ ਜਲ਼ੇ ਸੂਰਜ ਦੀ ਰਾਖ,
ਦੂਧੀਆ ਖੰਭਾਂ ਦੇ ਬੱਗੇ ਰੰਗ ਕਾਲ਼ੇ ਪੈ ਗਏ।
----
ਢਲ਼ ਕੇ ਜਦ ਕਵਿਤਾ ਦੇ ਸੰਚੇ ਵਿਚ ਵੀ ਦੇ ਸੱਕੇ ਨ ਲੋਅ,
ਕਾਲ਼ਿਆਂ ਹਰਫ਼ਾਂ ਦੇ ਗਲ਼ ਮਨ ਦੇ ਉਜਾਲੇ ਪੈ ਗਏ।
2 comments:
ik misaali ghazal,ik ustaad qalam di;
1-2 thaavaan te typo ne
vaang>vaanguuN[she'r 4]
yaad>yaadaaN[she'r 6]
ਧਿਆਨ ਦਵਾਉਂਣ ਲਈ ਬੇਹੱਦ ਸ਼ੁਕਰੀਆ, ਚਰਨਜੀਤ ਮਾਨ ਜੀ। ਸੋਧ ਕਰ ਦਿੱਤੀ ਗਈ ਹੈ।
ਬਲੌਗ ਤੇ ਫੇਰੀ ਪਾਉਂਣ ਲਈ ਵੀ ਸ਼ੁਕਰੀਆ।
ਤਨਦੀਪ ਤਮੰਨਾ
Post a Comment