ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, May 2, 2009

ਪਿਆਰਾ ਸਿੰਘ ਕੁੱਦੋਵਾਲ - ਨਜ਼ਮ

ਸਾਹਿਤਕ ਨਾਮ: ਪਿਆਰਾ ਸਿੰਘ ਕੁੱਦੋਵਾਲ

ਅਜੋਕਾ ਨਿਵਾਸ: ਕੈਨੇਡਾ

ਕਿਤਾਬਾਂ: ਪਲੇਠਾ ਕਾਵਿ-ਸੰਗ੍ਰਹਿ ਛਪਾਈ ਅਧੀਨ ਹੈ। ਸਾਹਿਤਕ ਤੌਰ 'ਤੇ ਬਹੁਤ ਸਰਗਰਮ ਕੁੱਦੋਵਾਲ ਸਾਹਿਬ ਕਈ ਸਾਹਿਤ ਸਭਾਵਾਂ ਦੇ ਮੈਂਬਰ ਵੀ ਹਨ।

---

ਦੋਸਤੋ! ਅੱਜ ਪਿਆਰਾ ਸਿੰਘ ਕੁੱਦੋਵਾਲ ਜੀ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਭੇਜ ਕੇ, ਉਹਨਾਂ ਦੀ ਸ਼ਰੀਕ-ਏ-ਹਯਾਤ ਸ਼ਾਇਰਾ ਸੁਰਜੀਤ ਜੀ ਨੇ ਉਹਨਾਂ ਦੀ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਕੁੱਦੋਵਾਲ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਨਜ਼ਮਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

*****

ਦੁੱਖ ਸੁੱਖ

ਨਜ਼ਮ

ਫੁੱਲ ਦੁੱਖ ਸੁੱਖ ਦੇ

ਖਿੜਦੇ ਤੇ ਝੜ ਜਾਂਦੇ ਨੇ।

ਜ਼ਖ਼ਮ ਡੂੰਘੇ ਵੀ

ਇੱਕ ਦਿਨ ਭਰ ਜਾਂਦੇ ਨੇ ।

........

ਖੜ੍ਹ ਜਾਵੇ ਉਲਝਣ

ਮੇਰੀ ਮੇਰੇ ਰਾਹ ਵਿੱਚ

ਉਂਞ ਤਾਂ ਸਾਰੇ ਰਸਤੇ

ਤੇਰੇ ਘਰ ਜਾਂਦੇ ਨੇ।

.........

ਰੋਜ਼ ਰਾਤ ਨੂੰ ਸੁਫ਼ਨੇ ਮੇਰੇ

ਤੇਰੇ ਘਰ ਜਾਵਣ

ਤੇਰੀਆਂ ਕੰਧਾਂ ਨਾਲ਼

ਜੂਝ ਕੇ ਮਰ ਜਾਂਦੇ ਨੇ।

...........

ਜਿਸ ਰਾਹ ਤੇ ਆਪਾਂ

ਤੁਰੇ ਸਾਂ ਨਾਲ਼ ਨਾਲ਼

ਕਿੰਝ ਆਖਾਂ ਸਾਥੀ!

ਰਸਤੇ ਕਿਧਰ ਜਾਂਦੇ ਨੇ।

.............

ਰੌਸ਼ਨ ਮੁਨਾਰਾ ਸੀ

ਬੜਾ ਪਿਆਰਾ ਵੀ ਸੀ

ਐਸੇ ਸੂਰਜ ਹੀ

ਦੂਰ ਹਨੇਰਾ ਕਰ ਜਾਂਦੇ ਨੇ ।

.............

ਤੇਰੇ ਘਰ ਦਾ ਬੂਹਾ ਬੰਦ

ਮੇਰੇ ਦਿਲ ਦੀ ਧੜਕਣ

ਲੋਕੋ! ਮੁਹੱਬਤ ਦੇ ਵਣਜਾਰੇ

ਹੋ ਬੇਘਰ ਜਾਂਦੇ ਨੇ।

..............

ਜਿਸ ਸ਼ਹਿਰ ਵਿੱਚ ਲੋਕ ਵਸੀਂਦੇ

ਕੁੱਦੋਵਾਲਨਹੀਂ

ਉਸ ਸ਼ਹਿਰ ਬਿਰਹਾ ਦੇ

ਫ਼ਨੀਅਰ ਲੜ ਜਾਂਦੇ ਨੇ।

======

ਯਾਰ ਦੀ ਗਲ਼ੀ

ਨਜ਼ਮ

ਇਸ ਤਰ੍ਹਾਂ ਅੱਜ ਕੱਲ੍ਹ

ਕਿਉਂ ਮੇਰਾ ਹਾਲ ਹੈ।

ਜਿਸਦਾ ਹੱਲ ਢੂੰਢਦਾਂ

ਅਜੀਬ ਸਵਾਲ ਹੈ

.................

ਜੀਉਂਦਾ ਸਾਂ ਤਾਂ

ਤਿੱਥਾਂ ਵਾਰ ਸਨ ਬੜੇ

ਅੱਜ ਮੋਏ ਕੱਲ ਦੂਜਾ ਦਿਨ,

ਕਮਾਲ ਹੈ !

................

ਘਰੋਂ ਤੁਰਿਆਂ ਸਾਂ ਤਾਂ

ਭੀੜ ਸੀ ਬੜੀ,

ਮੰਜ਼ਿਲ ਤੇ ਦੇਖਾਂਗੇ,

ਕਿਹੜਾ ਨਾਲ਼ ਹੈ

................

ਫਸਿਐਂ ਜਿਸ ਵਿੱਚ

ਤੇ ਹੋਇਐਂ ਮਜਬੂਰ

ਆਪ ਵਿਛਾਇਆ ਹੋਇਆ

ਤੇਰਾ ਜਾਲ਼ ਹੈ

.............

ਮੁਹੱਬਤ ਕਿਸਦੇ ਨਾਲ ਹੈ

ਓਸਦੇ ਜਾਂ ਆਪਣੇ,

ਐ ਦਿਲਾ! ਤੂੰ ਦੱਸ,

ਤੇਰਾ ਕੀ ਖ਼ਿਆਲ ਹੈ!

................

ਕਰਕੇ ਦਾਨ ਪੁੰਨ

ਕੁੱਝ ਦਾਗ਼ ਧੋ ਲਏ,

ਧੋਵੇਂਗਾ ਕਿਸ ਤਰ੍ਹਾਂ

ਜੋ ਮਨ ਦੇ ਨਾਲ਼ ਹੈ

..............

ਹਰ ਮੋੜ ਤੇ ਟਕੂਏ ਸੰਗੀਨਾਂ

ਦੇਣਗੇ ਪਹਿਰਾ

ਪਹੁੰਚੇਗਾ ਯਾਰ ਦੀ ਗਲ਼ੀ

ਉਹ ਕੁੱਦੋਵਾਲਹੈ।


No comments: