ਅਜੋਕਾ ਨਿਵਾਸ: ਯੂ.ਐੱਸ.ਏ.
ਕਿਤਾਬ: ਹਾਲੇ ਨਹੀਂ ਛਪੀ।
ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਦਿਲੀ ਖ਼ੁਸ਼ੀ ਹੋ ਰਹੀ ਹੈ ਕਿ ਗੁਰਮੀਤ ਸੰਧੂ ਸਾਹਿਬ ਨੇ ਅੱਜ ਆਰਸੀ ਲਈ ਇੱਕ ਬੇਹੱਦ ਖੂਬਸੂਰਤ ਨਜ਼ਮ ਭੇਜ ਕੇ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾ ਕੇ ਸਾਡਾ ਸਭ ਦਾ ਮਾਣ ਵਧਾਇਆ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ। ਏਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਧੂ ਸਾਹਿਬ ਉੱਚ-ਕੋਟੀ ਦੇ ਹਾਇਕੂ ਵੀ ਲਿਖਦੇ ਨੇ। ਅਮਰਜੀਤ ਸਾਥੀ ਸਾਹਿਬ ਦੇ ਬਲੌਗ ਤੇ ਸੰਧੂ ਸਾਹਿਬ ਦੇ ਲਿਖੇ ਹਾਇਕੂ ਪੜ੍ਹ ਕੇ ਮੈਂ ਬਹੁਤ ਪ੍ਰਭਾਵਿਤ ਹੋਈ ਹਾਂ। ਅੱਜ ਉਹਨਾਂ ਦੀ ਨਜ਼ਮ ਨੂੰ ਆਰਸੀ ‘ਚ ਸ਼ਾਮਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਸੰਧੂ ਸਾਹਿਬ ਨੂੰ ਬੇਨਤੀ ਕਰਕੇ ਇਹ ਨਜ਼ਮ ਆਰਸੀ ਦੇ ਪਾਠਕਾਂ ਲਈ ਮੰਗਵਾਈ ਹੈ, ਪੂਨੀਆ ਸਾਹਿਬ ਦਾ ਵੀ ਬਹੁਤ-ਬਹੁਤ ਸ਼ੁਕਰੀਆ।
*************
ਤ੍ਰਿਸ਼ਤਾਬਦੀ
ਨਜ਼ਮ
ਐ ਸ਼ਬਦ ਗੁਰੂ!
ਤੇਰੇ ਗੱਦੀ ਸੰਭਾਲਣ ਬਾਦ
ਅਸੀਂ ਸੌਂ ਗਏ ਸਾਂ।
ਹੁਣ ਤੇਰੀ ਗੁਰਤਾ ਦੀ ਤ੍ਰਿਸ਼ਤਾਬਦੀ
ਜਾਗੋ ਮੀਟੀ `ਚ ਮਨਾ ਰਹੇ ਹਾਂ।
ਕੋਈ ਕਸਰ ਨਹੀਂ ਛੱਡੀ ਰੌਣਕਾਂ ਲਾਉਣ ਦੀ।
............
ਦੇਸ ਵਿਦੇਸ਼ `ਚ ਰਾਹਾਂ ਚੁਰਸਤਿਆਂ `ਤੇ
ਤੇਰੀ ਸ਼ੋਭਾ ਯਾਤਰਾ ਕਰਦਿਆਂ
ਬੜਾ ਟਰੈਫਿਕ ਜਾਮ ਕਰ ਸੁਕੇ ਹਾਂ।
ਤੇਰੇ ਅਣਗਿਣਤ ਦੁਆਰਿਆਂ `ਚ
ਦਿਨ ਰਾਤ ਤੇਰੀ ਬਾਣੀ ਪੜ੍ਹੀ ਗਾਈ ਹੈ।
ਤੇਰੀ ਮਹਿਮਾ ਵਿਚ
ਬੜੇ ਢੁਕਵੇਂ ਫਿਕਰੇ
ਆਗੂਆਂ ਪਰਚਾਰਕਾਂ ਕਹੇ ਸੁਣਾਏ ਨੇ।
ਬੜੇ ਸੁਆਦਿਸ਼ਟ ਭੋਜ ਛਕੇ ਅਤੇ ਛਕਾਏ ਨੇ।
ਅਸੀਂ ਸਨੇਹੀਆਂ, ਸਬੰਧੀਆਂ ਨੂੰ ਮਿਲ ਮਿਲਾ ਕੇ
ਘਰੀਂ ਪਰਤ ਆਏ ਹਾਂ
ਤੇਰੇ ਪੰਨਿਆਂ `ਤੇ ਉਕਰੇ ਸੱਚ ਨੂੰ
ਬਿਨਾਂ ਮੰਨੇ ਸੰਤੋਖ ਆਏ ਹਾਂ।
..................
ਫਿਰ ਆਵਾਂਗੇ ਜਦੋਂ.......
ਸੋਹ ਸੁਣੀ ਕਿਸੇ ਬੋਲਾਂ ਦੇ ਜਾਦੂਗਰ ਦੀ
ਉਹਤੋਂ ਤੇਰੇ ਅਰਥਾਂ ਦੀ ਗਾਥਾ ਸੁਣਾਂਗੇ।
“ਸੁਖ ਹੈ, ਸਿਮਰਨਾ, ਸਹਿਜ ਹੋ ਜਾਣਾ,ਭਾਣਾ ਮੰਨਣਾ,
ਦੁਖ ਹੈ, ਤੁਧੁ ਬਿਨ ਹੋਰ ਜੋ ਵੀ ਮੰਗਣਾ”।
ਕੀ ਸੱਚ ਦੇ ਕੋਈ ਅਰਥ ਹੁੰਦੇ ਨੇ?
ਸੱਚ ਦਾ ਅਰਥ ਤਾਂ ਸੱਚ ਹੀ ਹੁੰਦਾ ਹੈ।
......................
ਇਹ ਤੇਰੇ ਗੁਰਤਾ ਸੰਭਾਲਣ ਵੇਲੇ ਵੀ ਸੀ,
`ਤੇ ਉਸਤੋਂ ਪਹਿਲਾਂ ਵੀ
ਹੁਣ ਵੀ ਹੈ, ਅਤੇ ਹੋਸੀ ਵੀ ਸੱਚ।
ਸੱਚ ਸੰਗ ਜੀਣਾ ਹੁੰਦਾ ਹੈ
ਅਤੇ ਸੱਚ ਲਈ ਮਰਨਾ ਪੈਂਦਾ ਹੈ।
ਸੱਚ ਲਈ ਪੀਹਣੀਆਂ ਪੈਂਦੀਆਂ ਨੇ ਚੱਕੀਆਂ
ਤੱਤੀ `ਤੇ ਬੈਠਣਾ, ਚੌਂਕ `ਚ
ਸ਼ੀਸ ਲੁਹਾਣਾ ਪੈਂਦਾ ਹੈ।
.....................
ਸੱਚ ਲਈ ਰਾਜੇ ਨੂੰ ਸ਼ੀਂਹ ਅਤੇ ਮੁਕੱਦਮ ਨੂੰ ਕੁੱਤੇ
ਆਖਣ ਦੀ ਜ਼ੁਰੱਅਤ ਹੋਣੀ ਚਾਹੀਦੀ ਹੈ।
ਅਸੀਂ ਤਾਂ ਚਾਪਲੂਸ ਹੰਕਾਰੀ ਹਾਕਮ ਦੇ
ਦਰਸ਼ਨ ਲਈ
ਭੀੜ `ਚ ਖਲੋਤੇ ਧੱਕਮ-ਧੱਕਾ ਹੋ ਰਹੇ ਹਾਂ।
ਅਤੇ ਲੱਭ ਰਹੇ ਹਾਂ....
ਭਰਿਸ਼ਟ ਨਿਆਏਧੀਸ਼ ਦਾ ਕੋਈ ਵਿਚੋਲਾ।
ਰਿਸ਼ਵਤ ਦੇਣ ਲਈ।
ਤਾਂ ਕਿ ਜੱਗ ਜਾਹਰ ਝੂਠ ਨੂੰ ਸੱਚ ਬਣਾ ਸਕੀਏ।
..........................
ਸੁਣ ਚੁੱਕੇ ਹਾਂ ਤੇਰੇ ਪੰਨਿਆਂ ‘ਤੋਂ
ਮੁਕਤੀ ਦਾ ਰਾਹ।
ਜੋ ਬੜਾ ਹੀ ਸਰਲ ਹੈ।
ਬਾਹਰੋਂ ਪੁੱਟਣਾ `ਤੇ ਅੰਦਰ ਲਾਉਣਾ।
ਹਸਦਿਆਂ, ਖੇਡਦਿਆਂ, ਪਹਿਨਦਿਆਂ ਮੁਕਤ ਹੋਣਾ।
ਤੇਰੇ ਚਰਨਾਂ `ਚ ਨਿਵਾਸ ਕਰ ਜਾਣਾ।
.........................
ਬਿਬੇਕ ਬੁੱਧੀ ਤੋਂ ਸੱਖਣੇ ,
ਕਿੰਜ ਖੋਲ੍ਹਾਂਗੇ ਪਿਓ ਦਾਦੇ ਦਾ ਖਜ਼ਾਨਾ
ਬੜਾ ਔਖਾ ਹੈ,
ਮੁਕਤੀ ਦੇ ਸਥੂਲ ਭਾਵਾਂ ਦੀ ਰਮਜ਼ ਨੂੰ ਜਾਨਣਾ।
ਸਾਡੀ ਅਰਜੋਈ ਦੀ ਸੂਚੀ `ਚ ਤਾਂ
ਅੰਤ `ਤੇ ਲਿਖਿਐ....
ਮੁਕਤੀ ਨੂੰ ਮੰਗਣਾ।
ਅਸੀਂ ਤਾਂ ਆਵਾਗਵਣ `ਚ ਰਹਿਣੈ ।
ਬਾਰ ਬਾਰ ਆਉਣੈਂ।
ਜੀ ਭਰ ਕੇ ਸੌਣੈਂ।
ਤੇਰੀ ਗੁਰਤਾ ਦੀ
ਅਗਲੀ ਸ਼ਤਾਬਦੀ ਦਾ ਵਰ੍ਹਾ ਵੀ ਮਨਾਉਣੈਂ।
......................
ਹਾਲੇ ਮੰਡੀ `ਚ ਮੰਦਾ ਹੈ।
ਘਾਟੇ `ਚ ਧੰਦਾ ਹੈ।
ਕਾਰੋਬਾਰ ਠੰਢਾ ਹੈ।
ਹੱਥ ਸੁਖਾਲਾ ਹੋ ਲਵੇ,
ਤੇਰੇ ਦੁਆਰ `ਤੇ ਕੀਮਤੀ ਪੱਥਰ ਲਾਉਣੇ ਨੇ।
ਸੋਨੇ ਦੀ ਪਾਲਕੀ `ਤੇ
ਹੋਰ ਰੇਸ਼ਮੀ ਰੁਮਾਲ ਚੜ੍ਹਾਉਣੇ ਨੇ।
ਤੇਰੇ ਦਰਬਾਰ `ਚ
ਆਪਣੀ ਸ਼ੋਭਾ ਵੀ ਸੁਨਣੀ ਹੈ।
ਤੇਰੇ ਘੱਟ ਆਪਣੇ ਵੱਧ ਸੋਹਲੇ ਗਾਉਣੇ ਨੇ।
ਵਿਹਲ ਹੋਈ ਤਾਂ ਸੋਚਾਂਗੇ ਮੁਕਤੀ ਬਾਰੇ ।
ਹਾਲੇ ਸਾਡੀ ਸੌਣ ਦੀ ਵਾਰੀ ਹੈ।
10 comments:
It is a beautiful poem.
Sukhinder
Editor: SANVAD
Toronto ON Canada
Tuhaanu aarsi utte parh ke behad khushi ate tasalli hoi. ih nazm bahut hi vadhia hai, samein da sach hai, kaash aseen waqt rehnde ih sabh kujh samajh sakie......
ਬਹੁਤ ਖੂਬਸੂਰਤ ਕਵਿਤਾ ਹੈ ! ਆਪਣੇ ਅੰਦਰ ਝਾਕਣ ਦੀ ਕਵਿਤਾ !!
ਗੁਰਮੀਤ ਜੀ,
ਨਜ਼ਮ ਨਿਹਾਇਤ ਖੁਬਸੂਰਤ ਹੈ।
bahut hi bharpoor nazm jis vich itihaas,samaaj,dharam te manukh de parspar naatiyaan de sach nu khol vikhayaa hai
note: pehli line shayad
Ai shabad-guru !
hai
BAHUT KHOOB
REHBAR NU KAID KAR KE ASI AJAAD HONA CHAUNDE HAN GURMEET JI
ਆਪ ਸਭ ਸੂਝਵਾਨ ਕਾਵਿ ਪਰੇਮੀਆਂ ਦਾ ਇਸ ਮੋਹ ਲਈ ਬਹੁਤ ਬਹੁਤ ਧੰਨਵਾਦ।
ਮਾਨ ਜੀ ਦੀ ਪਾਰਖੂ ਨਜ਼ਰ ਦੀ ਦਾਦ ਦਿੰਦਾ ਹਾਂ, ਉਹਨਾਂ ਦੀ ਟਿਪੱਣੀ ਸਹੀ ਹੈ। ਪਿਹਲੀ ਸਤਰ
"ਐ ਸ਼ਬਦ ਗੁਰੂ " ਹੀ ਹੈ, ਸ਼ਾਇੱਦ ਟਾਈਪ ਕਰਨ ਵੇਲੇ ਚੂਕ ਹੋ ਗਈ। ਇਸੇ ਤਰਾਂ ਇਕੀਵੀਂ ਸਤਰ ਵੀ 'ਜੋ ਸੁਣੀ ਦੀ ਥਾਂ ਸੋਹ ਸੁਣੀ'
ਹੋਣਾ ਚਾਹੀਦਾ ਸੀ।
ਮਾਨ ਸਾਹਿਬ ਅਤੇ ਸੰਧੂ ਜੀ...ਕਵਿਤਾ ਦੀ ਪਹਿਲੀ ਸਤਰ 'ਚ ਸੋਧ ਕਰ ਦਿੱਤੀ ਗਈ ਹੈ।
ਧਿਆਨ ਦਵਾਉਂਣ ਲਈ ਸ਼ੁਕਰੀਆ।
ਤਨਦੀਪ ਤਮੰਨਾ
Gurmeet Sandhu sahib di kavita sikhran shoondi hai. Wadhaian hon.
Mandhir Deol
Canada
Der baad aapne aap kolon sawal puchhan verga kujh parahn nu milyeya hai.....ajehi kavita di talaash asin kyon nahi karde....
darvesh@37.com
Post a Comment