ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, May 16, 2009

ਮਰਹੂਮ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਪਹਿਲੀ ਬਰਸੀ 'ਤੇ ਵਿਸ਼ੇਸ਼

ਦੋਸਤੋ! ਆਰਸੀ ਦਾ ਅੱਜ ਦਾ ਦਿਨ ਮਰਹੂਮ ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ ਸਾਹਿਬ ( 11 ਫਰਵਰੀ 1938 - 16 ਮਈ 2008) ਦੀ ਯਾਦ ਅਤੇ ਸ਼ਾਇਰੀ ਨੂੰ ਸਮਰਪਿਤ ਹੈ। ਇਹ ਗੀਤ ਸੰਤ ਸੰਧੂ ਜੀ ਦੁਆਰਾ ਲਿਖਿਆ ਅਤੇ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜਿਆ ਗਿਆ ਹੈ। ਸੰਧੂ ਸਾਹਿਬ ਅਤੇ ਸਰਾਏ ਸਾਹਿਬ ਦਾ ਬੇਹੱਦ ਸ਼ੁਕਰੀਆ।

ਆਬਾਦਪੁਰੇ ਦਾ ਗੀਤ

ਉਲਫ਼ਤ ਬਾਜਵਾ ਨੂੰ ਯਾਦ ਕਰਦਿਆਂ

ਗੀਤ

ਤਨ ਮਰੇ ਤਾਂ ਕੁਝ ਨਹੀਂ ਮਰਦਾ

ਮਨ ਮਰੇ ਮਰਜੀਵਾ ਹੁੰਦਾ।

ਮਾਨਵਤਾ ਦੀ ਉਲਫਤ ਦੇ ਵਿਚ

ਸ਼ਾਇਰ ਹਮੇਸ਼ਾ ਖੀਵਾ ਹੁੰਦਾ ।

-----

ਧੁੰਧਲੇ-ਧੁੰਧਲੇ ਤਾਰੇ ਜਿਥੇ

ਕੁੱਲੀਆਂ ਕੱਚੀਆਂ ਢਾਰੇ ਜਿਥੇ।

ਲੱਭਣ ਪਏ ਸਹਾਰੇ ਜਿਥੇ

ਲੋਕ ਨੇ ਗੁਰਬਤ ਮਾਰੇ ਜਿਥੇ।

-----

ਉਥੇ ਤੇਰੀ ਸੁਹਬਤ ਆਈ

ਲੰਮੇ ਪਿੰਡ ਤੋਂ ਉਲਫਤ ਆਈ।

ਆਬਾਦਪੁਰੇ ਜੋਕਾਂ ਦਾ ਘੇਰਾ

ਆਬਾਦਪੁਰੇ ਕੰਮੀਆਂ ਦਾ ਡੇਰਾ।

----

ਆਬਾਦਪੁਰੇ ਵਿਚ ਘੁੱਪ ਹਨੇਰਾ

ਉਲਫਤ ਕੀਤਾ ਆਣ ਸਵੇਰਾ ।

ਵੈਦ ਧਨੰਤਰ ਹੋ ਕੇ ਆਇਆ

ਸੁਪਨ ਸੁਤੰਤਰ ਹੋ ਕੇ ਆਇਆ।

----

ਆਬਾਦਪੁਰੇ ਦਾ ਈਸਾ ਲੱਗਦਾ

ਆਬਾਦਪੁਰੇ ਦਾ ਸੀ ਹਮਸਾਇਆ।

ਆਬਾਦਪੁਰੇ ਸੰਗ ਲੱਗੀਆਂ ਵਾਲਾ

ਉਲਫਤ ਸੱਚਾ ਕੌਲ ਨਿਭਾਇਆ ।

----

ਆਬਾਦਪੁਰੇ ਦਾ ਗੀਤ ਹੈ ਸੁੱਤਾ

ਤੇ ਦਰਿਆ ਦਾ ਕੰਢਾ ਖੁਰਿਆ।

ਆਬਾਦਪੁਰੇ ਦੀਆਂ ਖੈਰਾਂ ਮੰਗਦਾ

ਆਬਾਦਪੁਰੇ ਦਾ ਮਹਿਰਮ ਤੁਰਿਆ ।

-----

ਲੰਮੇ ਪਿੰਡ ਵਿਚ ਰੁਕ ਨਾ ਸਕੀਆਂ

ਲੰਮੇ ਪਿੰਡ ਦੀਆਂ ਲੰਮੀਆਂ ਗੱਲਾਂ।

ਨਗਰ ਨਗਰ ਵਿਚ ਉਲਫਤ ਵੰਡਣ

ਜਿਓ ਸਾਗਰ ਦੀਆਂ ਲਹਿਰਾਂ ਛੱਲਾਂ ।

----

ਫਿਰ ਜਿਵੇਂ ਕੋਈ ਤਾਰਾ ਟੁੱਟਾ

ਫਿਰ ਜਿਵੇਂ ਕੋਈ ਫੁੱਲ ਮੁਰਝਾਇਆ।

ਫਿਰ ਜਿਵੇਂ ਬੱਦਲਾਂ ਦੇ ਹੇਠਾਂ

ਪੂਨਮ ਦਾ ਹੈ ਚੰਦਾ ਆਇਆ।

----

ਸੋਚਾਂ ਦੇ ਵਿਚ ਲੂਣਾ ਡੁੱਬੀ

ਮਹਿਲਾਂ ਦੇ ਵਿਚ ਸੁੰਦਰਾਂ।

ਰਾਹਾਂ ਦੇ ਵਿਚ ਠੇਡੇ ਖਾਵੇ

ਅੰਨ੍ਹੀ ਹੋਈ ਇੱਛਰਾਂ ।

----

ਫਿਰ ਜਿਵੇਂ ਤ੍ਰਿਵੇਣੀ ਸੁੱਕੀ

ਫਿਰ ਕੋਈ ਕਾਲਾ ਝੱਖੜ ਆਇਆ।

ਫਿਰ ਜਿਵੇਂ ਕੋਈ ਝਰਨਾ ਸੁੱਕਾ

ਫਿਰ ਜਿਵੇਂ ਕੋਈ ਵਣ ਕੁਮਲਾਇਆ।

----

ਫਿਰ ਮੇਰੇ ਗੀਤਾਂ ਦੇ ਮੁਖੜੇ

ਹੋ ਗਏ ਕਾਲੇ ਕਾਲੇ।

ਫਿਰ ਮੇਰੇ ਗੀਤਾਂ ਦੇ ਪੈਰੀਂ

ਹੋ ਗਏ ਛਾਲੇ ਛਾਲੇ ।

----

ਫਿਰ ਮੇਰੇ ਗੀਤਾਂ ਨੂੰ ਲੱਗਦਾ

ਹੋ ਚੱਲੀ ਏ ਗਰਮੀ।

ਮੇਰੇ ਗੀਤਾਂ ਦੇ ਜੁਸੇ ਚੋਂ

ਮੁੱਕ ਚੱਲੀ ਏ ਨਰਮੀ ।

----

ਜੱਗ ਵਿਚ ਮੇਰੇ ਗੀਤਾਂ ਵਾਲੀ

ਹੋ ਨਾ ਜਾਵੇ ਹਾਨੀ।

ਗੀਤ ਮੇਰੇ ਦੇ ਗਲ਼ ਦੇ ਵਿਚੋਂ

ਟੁੱਟ ਗਈ ਏ ਗਾਨੀ ।

----

ਗਲ਼ੀ ਗਲ਼ੀ ਵਿਚ ਤਾਣਾ ਤੇਰਾ

ਤੁਰ ਗਿਆ ਯਾਰ ਨਿਮਾਣਾ ਮੇਰਾ।

ਤੇਰੇ ਗੀਤਾਂ ਵਿਚੋਂ ਚੜ੍ਹਦਾ

ਸੂਰਜ ਦਾ ਸੀ ਸੁਰਖ਼ ਸਵੇਰਾ ।

----

ਦੁਲ੍ਹੇ ਦੇ ਕੇਸਾਂ ਵਿਚ ਜਦ ਵੀ

ਹੋਣੀ ਫੇਰੇ ਕੰਘੀ।

ਅਕਬਰ ਦੇ ਦਰਬਾਰ ਚ ਲੱਗਣ

ਖੌਰੂ ਪਾਉਣ ਮਲੰਗੀ।

----

ਉਲਫ਼ਤ ਤੇਰੀ ਨਾਲ ਚਮਕਦਾ

ਆਬਾਦਪੁਰੇ ਦਾ ਚਿਹਰਾ ਖੀਵਾ।

ਉਲਫਤ ਮੇਰੇ ਘਰ ਦਾ ਚਾਨਣ

ਆਬਾਦਪੁਰੇ ਦੇ ਚੌਮੁਖ ਦੀਵਾ।

----

ਕੌਣ ਭਲਾ ਮੱਝੀਆਂ ਨੂੰ ਮੋੜੇ

ਕੌਣ ਹੀਰ ਨੂੰ ਦੱਸੇ।

ਜੰਞ ਖੇੜਿਆਂ ਦੀ ਨੇ ਕੀਤਾ

ਫਿਰ ਕੋਈ ਰਾਂਝਾ ਗੁੱਸੇ ।

----

ਲੋਕ ਇਸ਼ਕ ਦੀ ਪੱਤ ਖੇੜਿਆਂ

ਜਦ ਪੈਰਾਂ ਵਿਚ ਰੋਲੀ।

ਕਾਜੀ ਦੇ ਮੂੰਹ ਉਤੇ ਮਾਰੀ

ਵੀਰ ਮੇਰੇ ਨੇ ਬੋਲੀ ।

.................

ਨਗ਼ਮਾ ਜੋ ਗ਼ਮਗੀਨ ਹੋ ਗਿਆ

ਆਬਾਦਪੁਰੇ ਦਾ ਗੀਤ ਸੌਂ ਗਿਆ..........


1 comment:

Charanjeet said...

ik ustaad shayaar di doosre ustaad shayar nu likhi shabad-kirnaan di shardhaanjali;pesh karne da shukriya