ਅਜੋਕਾ ਨਿਵਾਸ : ਜਗਰਾਓਂ, ਪੰਜਾਬ
ਕਿਤਾਬਾਂ : ਹਾਲੇ ਪ੍ਰਕਾਸ਼ਿਤ ਨਹੀਂ ਹੋਈ।
ਦੋਸਤੋ! ਅੱਜ ਬੈਨੀ ਸਿੱਧੂ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
*****
ਵਕਤ ਦਾ ਚੱਕਰ
ਨਜ਼ਮ
ਵਕਤ ਦਾ ਚੱਕਰ ਚੱਲਦਾ ਹੈ
ਤੇ ਪਲ ਪਲ ਯੁਗ ਬਦਲਦਾ ਹੈ।
ਇਸ ਸ਼ਾਮ ਦਾ ਸੂਰਜ ਲਾਲ ਜਿਹਾ
ਹੈ ਡੁੱਬਦਾ ਜਾਂਦਾ ਦੂਰ ਕਿਤੇ,
ਪਰ ਡੁੱਬਦਾ ਡੁੱਬਦਾ ਲਾਲੀ ਆਪਣੀ
ਚਿਹਰੇ ਮੇਰੇ ਮਲ਼ਦਾ ਹੈ।
..................
ਸੁਰਮੇ ਰੰਗੇ ਅਸਮਾਨ ਉੱਤੇ
ਇੱਕ ਡਾਰ ਜਾਂਦੀ ਏ ਕੂੰਜਾਂ ਦੀ,
ਸੱਧਰਾਂ ਦੇ ਕੂਲ਼ੇ ਪੰਖ ਫੈਲਾ
ਦਿਲ ਕੂੰਜਾਂ ਵਿੱਚ ਜਾ ਰਲ਼ਦਾ ਹੈ।
...................
ਜਦ ਕਾਲ਼ੀ ਰਾਤ ਨੇ ਘੁੰਡ ਚੁੱਕਿਆ
ਤਾਂ ਗੋਰਾ ਚਿੱਟਾ ਚੰਨ ਚੜ੍ਹਿਆ,
ਇਸ ਚੰਨ ਵਰਗਾ ਏ ਚਿਹਰਾ
ਇੱਕ ਜੋ ਸੀਨੇ ਮੇਰੇ ਪਲ਼ਦਾ ਹੈ।
...................
ਰਾਤ ਦੀ ਸਰਦ ਖ਼ਾਮੋਸ਼ੀ ਵਿੱਚ
ਇੱਕ ਚੀਕ ਰੋਜ਼ ਮੈਨੂੰ ਸੁਣਦੀ ਏ,
ਹਰ ਰਾਤ ਕਿਸੇ ਦਾ ਕ਼ਤਲ ਹੁੰਦਾ,
ਹਰ ਰਾਤ ਸਿਵਾ ਇੱਕ ਬਲ਼ਦਾ ਹੈ।
..................
ਜਦ ਸੁਬ੍ਹਾ ਦਾ ਸੂਰਜ ਸਿਰ ਚੁੱਕ ਕੇ
ਵਿਹੜੇ ਵਿੱਚ ਝਾਤੀ ਮਾਰਦਾ ਏ,
ਅਹਿਸਾਸ ਨਵਾਂ ਇੱਕ ਜੰਮ ਪੈਂਦਾ
ਜੋ ਰਾਤ ਦੇ ਸੱਚ ਤੋਂ ਟਲ਼ਦਾ ਹੈ।
====
ਪੰਜ ਪਾਣੀਆਂ ਦੀ ਧਰਤੀ ਦੇ ਨਾਂ.....
ਨਜ਼ਮ
ਰਾਤ ਘਟਾਵਾਂ ਚੜ੍ਹ ਚੜ੍ਹ ਆਈਆਂ,
ਰਾਤ ਬੜਾ ਹੀ ਵਰ੍ਹਿਆ ਪਾਣੀ ।
ਅੰਦਰ ਕੋਸਾ, ਖ਼ਾਰਾ ਅੱਖ ਦਾ,
ਬਾਹਰ ਨਿਰਮਲ ਠਰਿਆ ਪਾਣੀ।
...........
ਪਲਕਾਂ ਦੇ ਬੰਨ੍ਹ ਟੁੱਟਦੇ ਟੁੱਟ ਗਏ,
ਕੋਇਆਂ ਵਿੱਚੋਂ ਹੜ੍ਹਿਆ ਪਾਣੀ।
ਪਾਣੀ ਵਿੱਚ ਕੋਈ ਡੁੱਬਿਆ ਰਾਤੀਂ,
ਕਿਸੇ ਦੇ ਉੱਪਰ ਤਰਿਆ ਪਾਣੀ।
.............
ਕਿਣ ਮਿਣ ਕਿਣ ਮਿਣ ਟਿਪ ਟਿਪ ਟਿਪ ਟਿਪ,
ਰਾਗ ਨਵਾਂ ਹੀ ਘੜਿਆ ਪਾਣੀ।
ਖ਼ੁਸ਼ਕ ਲੋਕਾਂ ਦੀ ਖ਼ੁਸ਼ਕ ਸੀ ਮਹਿਫ਼ਿਲ,
ਤੰਗ ਬੜਾ ਹੀ ਕਰਿਆ ਪਾਣੀ।
................
ਪਿਆਸ ਸੀ ਮੇਰੀ ਤਾਜ਼ੇ ਜਲ ਦੀ,
ਚਾਰੇ ਪਾਸੇ ਖਰਿਆ ਪਾਣੀ।
ਕਦੇ ਬੂੰਦ ਤੇ ਕਦੇ ਸਮੁੰਦਰ,
ਕਦੇ ਝੀਲ ਕਦੇ, ਦਰਿਆ ਪਾਣੀ।
...................
ਵੇਖੋ ਪਾਣੀ ਨਿਮਰ ਹੈ ਕਿੰਨਾ,
ਨੀਵੇਂ ਵੱਲ ਨੂੰ ਢਲ਼ਿਆ ਪਾਣੀ।
ਪਾਣੀ ਦੇ ਨਾਲ਼ ਰੁੱਖ ਪਲ਼ਦੇ ਨੇ,
ਰੁੱਖਾਂ ਅੰਦਰ ਪਲ਼ਿਆ ਪਾਣੀ।
....................
ਮੁੱਠੀ ‘ਚੋਂ ਤ੍ਰਿਪ ਤ੍ਰਿਪ ਵਹਿ ਜਾਂਦਾ,
ਕਿਸੇ ਨਾ ਮੁੱਠੀ ਫੜਿਆ ਪਾਣੀ।
ਬੰਦਾ ਰੁੱਖ ਜਾਨਵਰ ਮਰਦੇ,
ਕਦੇ ਵੀ ਪਰ ਨਾ ਮਰਿਆ ਪਾਣੀ।
........................
ਪਾਣੀ ਖਾਤਿਰ ਲੜਦੇ ਵੇਖੇ ,
ਆਪ ਕਦੇ ਨਾ ਲੜਿਆ ਪਾਣੀ।
ਹਰ ਸ਼ੈਅ ਵਿੱਚ ਇਉਂ ਰੱਬ ਵਸਦਾ ਹੈ,
ਬੱਦਲ਼ ਵਿੱਚ ਜਿਉਂ ਵੜਿਆ ਪਾਣੀ।
.......................
ਪਾਣੀ ਦੀ ਕੋਈ ਕਦਰ ਨਾ ਕਰਦਾ,
ਸਭ ਨੂੰ ਜਿਉਂਦੇ ਕਰਿਆ ਪਾਣੀ।
ਤੁਰਦਾ ਰਹੇ ਤਾਂ ਬਰਕਤ ਇਸ ਵਿੱਚ,
ਮੁਸ਼ਕ ਮਾਰਦਾ ਖੜ੍ਹਿਆ ਪਾਣੀ।
..................
ਇਸ ਪੰਜ-ਆਬ ਨੂੰ ਕੀ ਆਖੋਗੇ,
ਜੇ ਪੱਲਿਓਂ ਨਾ ਸਰਿਆ ਪਾਣੀ।
ਮੂਰਖ ਇੰਝ ਮੁਕਾਅ ਬਹਿੰਦੇ ਨੇ,
ਜਿਉਂ ਸੁੱਕ ਜਾਂਦਾ ਵਰ੍ਹਿਆ ਪਾਣੀ।
ਸਿੱਧੂਆ ਸੁੱਕ ਜਾਣਾ ਪੰਜ- ਆਬ ਵੀ,
ਇੰਝ ਬਰਬਾਦ ਜੇ ਕਰਿਆ ਪਾਣੀ।
2 comments:
bahut khoobsoorat nazmaan ,janaab sidhu saahib;1-2 thaavaan te taal behtar ho sakda hai
ਸੁਝਾਅ ਲਈ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ..
Post a Comment