ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, May 4, 2009

ਜਸਵਿੰਦਰ - ਗ਼ਜ਼ਲ

ਸਾਹਿਤਕ ਨਾਮ: ਜਸਵਿੰਦਰ

ਅਜੋਕਾ ਨਿਵਾਸ: ਰੋਪੜ, ਪੰਜਾਬ

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਕਾਲ਼ੇ ਹਰਫ਼ਾਂ ਦੀ ਲੋਅ ਅਤੇ ਕੱਕੀ ਰੇਤ ਦੇ ਵਰਕੇ ਪ੍ਰਕਾਸ਼ਿਤ ਹੋ ਚੁੱਕੇ ਹਨ।

---

ਦੋਸਤੋ! ਸਾਡੇ ਲਈ ਅੱਜ ਬੜੇ ਮਾਣ ਵਾਲ਼ੀ ਗੱਲ ਹੈ ਕਿ ਗ਼ਜ਼ਲਗੋ ਜਸਵਿੰਦਰ ਜੀ ਦੀ ਆਰਸੀ ਦੀ ਅਦਬੀ ਮਹਿਫ਼ਿਲ ਚ ਹਾਜ਼ਰੀ ਲੱਗ ਰਹੀ ਹੈ। ਰਾਜਿੰਦਰਜੀਤ ਜੀ ਨੇ ਉਹਨਾਂ ਨੂੰ ਆਰਸੀ ਦਾ ਲਿੰਕ ਘੱਲਿਆ ਤੇ ਉਹਨਾਂ ਦੀਆਂ ਗ਼ਜ਼ਲਾਂ ਆਰਸੀ ਲਈ ਖ਼ੁਦ ਟਾਈਪ ਕਰਕੇ ਭੇਜੀਆਂ ਨੇ। ਮੈਂ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਜਸਵਿੰਦਰ ਜੀ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਰਾਜਿੰਦਰਜੀਤ ਜੀ ਦਾ ਵੀ ਬੇਹੱਦ ਸ਼ੁਕਰੀਆ।

*******

ਗ਼ਜ਼ਲ

ਕੁਝ ਰੋਸ਼ਨੀ ਤਾਂ ਹੋਵੇ ਕੁਝ ਤਾਂ ਇਹ ਰਾਤ ਸਰਕੇ।

ਗਲ਼ੀਆਂ 'ਚ ਯਾਰ ਆਏ ਤਲੀਆਂ 'ਤੇ ਦੀਪ ਧਰਕੇ।

----

ਕੁਝ ਲੋਕ ਰੰਗ ਲਭਦੇ ਬਦਰੰਗ ਹੋ ਗਏ ਨੇ,

ਰਖਦੇ ਜੋ ਕਾਪੀਆਂ ਵਿੱਚ ਤਿਤਲੀ ਦੇ ਪਰ ਕੁਤਰ ਕੇ।

----

ਆਵੋ ਜਵਾਬ ਦੇਵੋ ਕੋਈ ਸਵਾਲ ਆਇਆ,

ਜਿਹਲਮ ਚਨਾਬ ਰਾਵੀ ਸਤਲੁਜ ਬਿਆਸ ਤਰ ਕੇ।

----

ਪਾਗਲ ਹਨੇਰੀਆਂ ਨੂੰ ਉਪਦੇਸ਼ ਕੌਣ ਦੇਵੇ?

ਸਭ ਪਾਕ ਪੁਸਤਕਾਂ ਦੇ ਉਡਦੇ ਪਏ ਨੇ ਵਰਕੇ।

----

ਮੰਨਿਆਂ ਕਿ ਬਾਗ਼ ਉਸਦਾ ਆਬਾਦ ਹੋਇਆ ਫਿਰ ਵੀ,

ਪੂਰਨ ਉਦਾਸ ਹੋਇਆ ਜੰਗਲ ਨੂੰ ਯਾਦ ਕਰਕੇ।

----

ਹੋਣੀ ਅਜੀਬ,ਮਹਿਰਮ ਆਉਂਦੇ ਬੇਗਾਨਿਆਂ ਜਿਉਂ,

ਅਰਥੀ ਦੇ ਨਾਲ ਕਾਤਿਲ ਜਾਂਦੇ ਨੇ ਬਣ ਸੰਵਰ ਕੇ।

----

ਕਿਸ ਹਾਲ ਜੀ ਸਕੇਗੀ ਸੀਨੇ 'ਚ ਅੱਗ ਲੈ ਕੇ,

ਫੁਟਦਾ ਨਹੀਂ ਜੇ ਲਾਵਾ ਕਿਉਂ ਨਾ ਇਹ ਧਰਤ ਗਰਕੇ।

----

ਸ਼ਬਦਾਂ ਦੇ ਆਹਲਣੇ ਨੂੰ ਅਰਥਾਂ ਦਾ ਨਿੱਘ ਦੇਵਾਂ,

ਆਏ ਨੇ ਕਲਪਨਾ ਦੇ ਪੰਛੀ ਉਡਾਣ ਭਰ ਕੇ।

=====

ਗ਼ਜ਼ਲ

ਸੁਲਗਦੀ ਰਾਤ ਹੈ ਫੇਰ ਵੀ ਆਸ ਹੈ

ਕਾਲ਼ੇ ਕੋਹਾਂ ਦੇ ਪੈਂਡੇ ਮੁਕਾਉਣੇ ਅਸੀਂ।

ਜਿਸਮ ਲੱਭਦੇ ਫਿਰਨ ਰੂਹਾਂ ਗੁੰਮ ਨੇ ਕਿਤੇ

ਇਹ ਜੋ ਵਿੱਛੜੇ ਚਿਰਾਂ ਤੋਂ ਮਿਲਾਉਣੇ ਅਸੀਂ।

----

ਤਪਸ਼ ਵੀ ਤੇਜ਼ ਹੈ ਪਿਆਸ ਵੀ ਤੇਜ਼ ਹੈ

ਫਿਰ ਵੀ ਅਹਿਸਾਸ ਦੀ ਧਰਤ ਜ਼ਰਖੇਜ਼ ਹੈ

ਪੈਲੀਆਂ ਮੋਹ ਦੀਆਂ ਫੇਰ ਲਹਿਰਾਉਣੀਆਂ

ਮੇਘਲੇ ਟੂਸਿਆਂ 'ਤੇ ਵਰਾਉਣੇ ਅਸੀਂ।

----

ਸਾਨੂੰ ਸਤਲੁਜ ਤੋਂ ਆਉਂਦੀ ਹਵਾ ਦੇ ਦਿਉ

ਰੋਜ਼ ਵਗਦੀ ਰਹੇ ਇਹ ਦੁਆ ਦੇ ਦਿਉ

ਪਾਣੀਆਂ ਦੇ ਹਵਾਵਾਂ ਦੇ ਰੰਗਾਂ ਦੇ ਵੀ

ਗੀਤ ਲਿਖਣੇ ਅਸੀਂ ਗੀਤ ਗਾਉਣੇ ਅਸੀਂ।

----

ਖੋਲ ਬਾਰੀ ਕਿ ਤਾਜ਼ੀ ਹਵਾ ਆਉਂਣ ਦੇ

ਬੰਦ ਕਮਰੇ 'ਚ ਕੋਈ ਸ਼ੁਆ ਆਉਂਣ ਦੇ

ਇਸ ਗੁਫ਼ਾ 'ਚੋਂ ਤੁਸੀਂ ਬਾਹਰ ਆਓ ਜ਼ਰਾ

ਕਹਿਕਸ਼ਾਂ ਦੇ ਨਜ਼ਾਰੇ ਵਿਖਾਉਂਣੇ ਅਸੀਂ।

----

ਇਹ ਜੇ ਉਡਦੇ ਨਹੀਂ ਇਹ ਜੇ ਖ਼ਾਮੋਸ਼ ਨੇ

ਏਸ ਵਿੱਚ ਵੀ ਕਿਤੇ ਆਪਣੇ ਦੋਸ਼ ਨੇ

ਏਹਨਾਂ ਲਫ਼ਜ਼ਾਂ ਨੂੰ ਪਰਵਾਜ਼ ਦੇਣੀ ਅਸੀਂ

ਦੋਸਤੀ ਦੇ ਪਰਿੰਦੇ ਉਡਾਉਂਣੇ ਅਸੀਂ


5 comments:

Charanjeet said...

bahut khoobsoorat ghazalaan

Gurmeet Brar said...

ਡਾ.ਜਗਤਾਰ ਦੇ ਨਾਲ ਨਾਲ ਜਸਵਿੰਦਰ ਵੀ ਪੰਜਾਬੀ ਗ਼ਜ਼ਲ ਨੂੰ ਨਵੇਂ ਮੁਕਾਮ ਦੇ ਰਿਹਾ ਹੈ,ਹਾਜ਼ਰੀ ਦੇਰ ਨਾਲ ਪਰ ਦੁਰੁਸਤ ਹੈ

Unknown said...

bahut khoobsurat ghazalan ne "gazalgo jaswinder" hura dia.........thanx for sharing!!!

Gurinderjit Singh (Guri@Khalsa.com) said...

Jaswinder Ji,
Rajinderjit mentioned about your accomplished hand and thoughts. Tandeep ji ne darshan krva dittte, tuhadiyan khoobsoorat poems rahii..
shamil hunde rehna..
Gurinderjit

Silver Screen said...

Kal raat parhiaan si teriaan gazlaan.....ki likhaan, tu shabad-ba-shabad andar uutar janda hain....
Darshan Darvesh