ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, May 13, 2009

ਸੁਖਦਰਸ਼ਨ ਧਾਲੀਵਾਲ - ਨਜ਼ਮ

ਪੰਜਾਬ

ਨਜ਼ਮ

ਮੈਂ ਅੱਜ ਕਥਾ ਸੁਣਾਵਾਂ ਆਪਣੀ, ਮੈਨੂੰ ਕਹਿੰਦੇ ਹਨ ਪੰਜਾਬ।

ਮੇਰੇ ਸੀਨੇ ਦੇ ਵਿਚ ਛੇਕ ਨੇ, ਦਰਦ ਉੱਠਦਾ ਬੇ-ਹਿਸਾਬ ।

----

ਮੇਰੇ ਤਨ ਤੇ ਲੱਖਾਂ ਜ਼ਖ਼ਮ ਨੇ, ਹੁੰਦਾ ਰਿਹਾ ਮੈਂ ਲਹੂ ਲੁਹਾਨ।

ਕਿੰਜ ਦਰਦ ਸੁਣਾਵਾਂ ਆਪਣਾ, ਮੇਰੀ ਕੰਬਦੀ ਅੱਜ ਜ਼ੁਬਾਨ।

ਮੈਨੂੰ ਸਦੀਆਂ ਤੋਂ ਗਿਆ ਲੁਟਿਆ, ਇਹ ਜਾਣੇ ਕੁੱਲ ਜਹਾਨ।

ਮੇਰੇ ਵੱਢ ਵੱਢ ਕੀਤੇ ਡੱਕਰੇ, ਮੇਰੀ ਕਢਦੇ ਰਹੇ ਨੇ ਜਾਨ।

ਕਦੇ ਫੋਲ਼ ਕੇ ਏਸ ਨੂੰ ਵੇਖਿਓ, ਮੈਂ ਹਾਂ ਦਰਦਾਂ ਭਰੀ ਕਿਤਾਬ।

ਜੀਹਦੇ ਲਫ਼ਜ਼ਾਂ ਵਿਚ ਹੈ ਵੇਦਨਾ, ਜੀਹਨੇ ਝੱਲੇ ਨਿੱਤ ਅਜ਼ਾਬ ।

----

ਕਰ ਫ਼ੈਸਲਾ ਮੇਰੀ ਤਕਦੀਰ ਦਾ, ਮੇਰੇ ਜਿਸਮ ਤੇ ਵਾਹੀ ਲਕੀਰ।

ਲਹੂ ਅਜੇ ਵੀ ਉਥੋਂ ਸਿਮਦਾ, ਜਿੱਥੋਂ ਪੱਛਿਆ ਇਹ ਸਰੀਰ।

ਮੈਂ ਆਸ਼ਕ ਪਾਕ ਵਫ਼ਾ ਦਾ, ਮੇਰੀ ਨਸ ਨਸ ਵਿਚ ਹੈ ਪੀੜ ।

ਮੇਰੀ ਮਿੱਟੀ ਵਿਚ ਹਨ ਸਿਸਕੀਆਂ, ਜਿਹਨੂੰ ਸੁਣਦੇ ਪੀਰ ਫ਼ਕੀਰ।

ਮੈਂ ਰੋਅ ਰੋਅ ਹੋਇਆ ਰੱਤੜਾ, ਮੈਨੂੰ ਲਹੂ ਦੀ ਚੜ੍ਹੀ ਸਲ੍ਹਾਬ।

ਕਦੇ ਛੂਹ ਕੇ ਮੈਨੂੰ ਵੇਖਿਓ, ਵਗ ਪਏ ਨੈਣਾਂ ਚੋਂ ਆਬ ।

----

ਅੱਗ ਵਰ੍ਹੀ ਮੇਰੇ ਤੇ ਕਹਿਰ ਦੀ, ਮੇਰੇ ਝੁਲਸੇ ਗਏ ਹਨ ਅੰਗ ।

ਮੇਰੇ ਤਨ ਤੇ ਛਾਲੇ ਪੈ ਗਏ, ਮੇਰਾ ਨੀਲਾ ਹੋ ਗਿਆ ਰੰਗ।

ਕਰਨੇ ਲਈ ਮੇਰਾ ਖ਼ਾਤਮਾ, ਖ਼ੰਜ਼ਰ ਲਿਸ਼ਕਣ ਅੱਜ ਵਿਚ ਜੰਗ।

ਇਕ ਹਾਦਸਾ ਬਣਕੇ ਰਹਿ ਗਈ, ਸੀ ਦਿਲ ਵਿਚ ਜੋ ਉਮੰਗ।

ਅੱਜ ਰੂਹਾਂ ਅਰਸ਼ੀਂ ਰੋਂਦੀਆਂ, ਕਿ ਕੋਈ ਛੇੜੇ ਫੇਰ ਰਬਾਬ ।

ਆਏ ਹੋਸ਼ ਤਾਂ ਫਿਰ ਮੈਂ ਵੇਖ ਲਾਂ, ਬਾਬੇ ਨਾਨਕ ਵਾਲਾ ਖ਼ਾਬ ।

----

ਮੈਂ ਕਿਸ ਹਾਲਾਤ ਚੋਂ ਲੰਘਿਆ, ਮੇਰੀ ਕਿਸੇ ਵੀ ਲਈ ਨਾ ਸਾਰ।

ਮੈਨੂੰ ਪੰਜ ਦਰਿਆ ਨੇ ਪੁੱਛਦੇ, ਇਹ ਕਿਹੋ ਜਿਹਾ ਇੰਤਜ਼ਾਰ।

ਮੇਰੇ ਟੋਟੇ ਟੋਟੇ ਹੋ ਗਏ, ਮੈਂ ਹੋਇਆ ਬਹੁਤ ਬੇਜ਼ਾਰ ।

ਮੇਰਾ ਅਮਨ ਹੈ ਕਿਧਰੇ ਤੁਰ ਗਿਆ, ਮੈਂ ਹਾਂ ਡਾਢਾ ਬੇ-ਕਰਾਰ ।

ਮੇਰੇ ਅੰਦਰੋਂ ਹੂਕ ਇਹ ਉੱਠਦੀ, ਆਵੇ ਚਾਨਣ ਦਾ ਇਨਕਲਾਬ ।

ਮੈਂ ਉਡੀਕ ਹਾਂ ਜੀਹਦੀ ਕਰ ਰਿਹਾ, ਗੂੰਜੇ ਫ਼ਜ਼ਾ ਚ ਫੇਰ ਰਬਾਬ।


1 comment:

ਜਸਵਿੰਦਰ ਮਹਿਰਮ said...

ਸਾਹਿਤਕ ਸਲਾਮ ਸੁਖਦਰਸ਼ਨ ਧਾਲੀਵਾਲ ਜੀ ,
ਆਰਸੀ ਵਿੱਚ ਤੁਹਾਡੀ ਇਹ ਰਚਨਾ ਪੜਕੇ ਦਿਲ
ਬਹੁਤ ਖੁਸ਼ ਹੋਇਆ ਜੋ ਤੁਸੀਂ ਪੰਜਾਬ ਦੀ ਰੂਹ ਦੀ ਹੂਕ
ਇਨਾਂ ਸ਼ਬਦਾਂ ਚ ਬਿਆਨ ਕੀਤੀ ਹੈ , ਧੰਨਵਾਦ ਜੀ ਇਸੇ ਤਰਾਂ ਲੋਕਾਈ ਦੇ ਦੁੱਖ ਸਾਂਝੇ ਕਰਦੇ ਰਹੋ >