ਨਜ਼ਮ
ਇਹ ਜੋ ਸੋਚ ਦੇ ਮੰਡਲ ‘ਚ
ਫੈਲ ਗਈ ਹੈ ਹਉਮੈ ਦੀ ਧੁੰਦ
ਜਿਸ ਦੀ ਫ਼ਜ਼ਾ ‘ਚ
ਹੋ ਰਿਹਾ ਹੈ
ਅਸੂਲਾਂ, ਵਿਚਾਰਾਂ ਦਾ ਖੰਡਨ
ਧੁਖ਼ ਰਹੀ ਹੈ
ਬਿਖ਼ਾਧ ਦੀ ਅਗਨ
ਮਸਤਕ ਦੇ ਧੁਰ-ਅੰਦਰ
................
ਅਰਥਹੀਣ ਹੈ ਇਕ ਸ਼ੋਰ
ਜਿਸਮਾਂ ਦਾ ਹਰ ਤਰਫ਼
ਜਿਸ ਦੀ ਗਰਦਿਸ਼ ਵਿਚ
ਪਥਰਾਈ ਹੈ ਹਰ ਨਜ਼ਰ
ਵਿਚਾਰਹੀਣ ਇਕ ਸਫ਼ਰ ਹੈ
ਜਿਸ ਦੀ ਰਾਹ ਦੇ ਹਰ ਮੋੜ ਉੱਤੇ
ਹਾਦਸਿਆਂ ਭਰੀ ਇਬਾਰਤ ਦਾ
ਤਪ ਰਿਹਾ ਹੈ ਮਾਰੂਥਲ
ਤਿਰਹਾਏ ਬਿਰਖਾਂ ਦੀਆਂ
ਨੰਗੀਆਂ ਸ਼ਾਖ਼ਾਂ ਤੋਂ
ਗੁਆਚ ਗਿਆ ਹੈ ਉਸ ਦਾ ਨਾਦ
ਜੋ ਵਗ ਰਿਹਾ ਹੈ ਪੌਣਾਂ ‘ਚ
ਵਿਅਸਤ ਹੈ ਜਿਸ ਦੀ ਧੁਨ
ਬ੍ਰਹਿਮੰਡ ਦੇ ਫੈਲਾਉ ਵਿਚ
ਹੋ ਰਹੀ ਹੈ ਉਜਾਗਰ
ਗਿਆਨ ਦੀ ਅੰਮ੍ਰਿਤ-ਬਾਣੀ
ਜੋ ਮੁਹਤਾਜ ਨਹੀਂ
ਕਿਸੇ ਵੰਡ ਦੀ
ਕਿਸੇ ਖੰਡ ਦੀ
ਕਿਸੇ ਬ੍ਰਹਿਮੰਡ ਦੀ !
..............
ਹਾਂ ਪਰ!
ਵੰਡ ਲਿਆ ਹੈ ਜਿਸ ਨੂੰ
ਦੇ ਕੇ ਵੱਖਰੇ ਵੱਖਰੇ ਨਾਮ
ਤੇ,
ਸਜਾਇਆ ਹੈ ਬੁੱਤ ਵਾਂਗ
ਆਪਣੇ ਆਪਣੇ ਮੰਦਰਾਂ ਅੰਦਰ
ਜਿਸ ਦਾ ਆਕਾਰ
ਬੇਆਵਾਜ਼, ਬੇਸਰਵਣ, ਮੂਰਛਿਤ !
................
ਫਿਰ ਕਿਸ ਤਰ੍ਹਾਂ ਲੱਭੋਗੇ
ਰਾਮ ਸ਼ਬਦ ਦੀ ਧੁਨ!
ਆਪਣੇ ਮੰਦਰ ਦੇ
ਘੁਟਵੇਂ ਮੰਡਲ ਚੋਂ
ਜਦ ਕਿ ਅਸੀਮ ਹੈ
ਕਿਸੇ ਨਾਓਂ ਤੋਂ ਰਹਿਤ ਹੈ
ਖ਼ੁਦਾ ਦਾ ਪਾਕ ਅਸਤਿੱਤਵ
ਇਹ ਬ੍ਰਹਮ-ਮੰਡਲ ਹੀ ਤਾਂ
ਧਰਮ ਮੰਦਰ ਹੈ
ਵਹਿ ਰਹੀ ਜਿਸ ਵਿਚ
ਉਸ ਦੇ ਹੁਕਮ ਦੀ ਮਧੁਰ ਗੰਗਾ
..............
ਪਰ,
ਬਦਲੀ ਹੋਈ ਦ੍ਰਿਸ਼ਟੀ ਚੋਂ
ਉੱਗ ਆਇਆ ਹੈ
ਅਗਿਆਨਤਾ ਦਾ ਜੰਗਲ
ਭਟਕ ਰਹੇ ਹਾਂ ਜਿਸ ਵਿਚ
ਜੰਮਣ ਤੋਂ ਮਰਨ ਤੀਕ
ਯੁੱਗਾਂ ਤੋਂ ਯੁਗ-ਗਰਦੀ ‘ਚ
ਨਿਰੰਤਰ ਘੁੰਮ ਰਿਹਾ ਹੈ
ਦੁਖਾਂਤ ਦਾ ਇਕ ਵੀਹੂ-ਚੱਕਰ
ਮੂਰਛਿਤ ਪਈ
ਚੇਤਨਾ ਦੇ ਕੇਂਦਰ ਦੁਆਲੇ।
No comments:
Post a Comment