ਪੁੰਨਿਆਂ ਦੇ ਚੰਦਰਮਾ ਤੋਂ ਵਧ ਜਦ ਉਹ ਨਿਖਰ ਗਿਆ।
ਚਾਨਣ ਹੀ ਦਿਲ ਦੇ ਨ੍ਹੇਰ ਦੇ ਉੱਤੇ ਪਸਰ ਗਿਆ।
----
ਅਪਣੀ ਨਜ਼ਰ ਤੇ ਤਾਣ ਕੇ ਪਰਦੇ ਮੈਂ ਫਿਰ ਰਿਹਾਂ,
ਹੈ ਕੌਣ ਦਿਲ ‘ਚ ਜੋ ਮੇਰੇ ਫਿਰ ਵੀ ਉਤਰ ਗਿਆ।
----
ਚਿਹਰੇ ਤੇ ਉਸਦੇ ਮੇਰੀ ਕੁਝ ਐਸੀ ਟਿਕੀ ਨਿਗਾਹ,
ਚਿਹਰਾ ਉਦ੍ਹਾ ਤਾਂ ਪਹਿਲਾਂ ਤੋਂ ਸੀ ਵਧ ਨਿਖਰ ਗਿਆ।
----
ਬੁੱਲਾ ਸੀ ਪੌਣ ਦਾ ਜਾਂ ਖ਼ੁਸ਼ਬੂ ਸੀ ਇਤਰ ਦੀ,
ਲਭਦਾ ਰਿਹਾ ਮੈਂ ਆਇਆ ਉਹ ਕਿਧਰੋਂ ਕਿਧਰ ਗਿਆ।
-----
ਬਣਦੀ ਰਹੀ ਸੀ ਧਰਤ ‘ਤੇ ਉਤਰਨ ਦੀ ਤਾਂਘ ਜਦ,
ਉਸਦਾ ਹੁਲਾਰਾ ਪਿਆਰ ਦਾ ਲੈ ਕੇ ਸਿਖਰ ਗਿਆ।
-----
ਇਕ ਬੇਪਛਾਣ ਰਾਹੀ ਤੇ ਇਤਬਾਰ ਕਰ ਲਿਆ,
ਤੁਰ ਪਏ ਉਸੇ ਦੇ ਨਾਲ਼ ਉਹ ਲੈ ਕੇ ਜਿਧਰ ਗਿਆ।
-----
ਪੰਛੀ ਸੀ ਮਨ ਦਾ ਤੜਪਿਆ ਹੋ ਕੇ ਵਿਵਸ਼ ਉਦੋਂ,
ਜਦ ਆਲ੍ਹਣਾ ਮੇਰਾ ਮੇਰੇ ਸਾਹਵੇਂ ਬਿਖਰ ਗਿਆ।
No comments:
Post a Comment