ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, August 27, 2009

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਸੜ੍ਹਦੇ ਆਲ੍ਹਣਿਆਂ ਦੀ ਚਿੰਤਾ, ਬੋਟਾਂ ਦਾ ਮਾਤਮ ਲਿਖਦਾ ਹਾਂ।

ਅਜਕਲ੍ਹ ਗ਼ਜ਼ਲਾਂ ਵਿੱਚ ਮੈਂ ਅਪਣੇ, ਸ਼ਹਿਰ ਦਾ ਆਲਮ ਲਿਖਦਾ ਹਾਂ!

----

ਟੁਕੜੇ-ਟੁਕੜੇ ਹੋ ਜਾਂਦੇ ਨੇ, ਨਕਸ਼ ਮੇਰੇ ਨਿੱਤ ਸ਼ੀਸ਼ੇ ਮੂਹਰੇ,

ਫਿਰ ਵੀ ਅਪਣੀ ਹੋਂਦ ਨੂੰ ਅਕਸਰ, ਸਫ਼ਾ-ਸਫ਼ਾ ਸਾਲਮ ਲਿਖਦਾ ਹਾਂ!

-----

ਮੁੱਠੀ ਭਰ ਮਿੱਟੀ ਵਿੱਚ ਤਾਂ ਉਸ, ਬੋੜ੍ਹ ਦਾ ਹੋਣਾ ਨਾ-ਮੁਮਕਿਨ ਸੀ,

ਪਰ ਮੈਂ ਰੋਜ਼ ਮੁਖ਼ਾਤਿਬ ਹੋ ਕੇ, ਗਮਲੇ ਨੂੰ ਮੁਜਰਮ ਲਿਖਦਾ ਹਾਂ!

-----

ਕਿੰਨੇ ਹੀ ਅਣਦਿਸਦੇ ਕਾਰਣ, ਸਾਜ਼ਿਸ਼ ਹੇਠ ਲੁਕੇ ਮਿਲਦੇ ਨੇ,

ਜਦ ਰਾਹਾਂ ਦੇ ਹਾਦਸਿਆਂ ਤੇ, ਮੈਂ ਕੋਈ ਕਾਲਮ ਲਿਖਦਾ ਹਾਂ!

-----

ਅਜਕਲ੍ਹ ਸ਼ਹਿਰ ਦੇ ਅੰਬਰ ਉੱਤੇ, ਐਨਾ ਗ਼ਰਦ-ਗੁਬਾਰ ਹੈ ਚੜ੍ਹਿਆ,

ਭਾਵੇਂ ਅੱਧਾ ਚੰਨ ਦਿਸੇ ਪਰ, ਮੈਂ ਪੂਰੀ ਪੂਨਮ ਲਿਖਦਾ ਹਾਂ!

-----

ਸ਼ੋਰ ਭਰੀ ਮਹਿਫ਼ਿਲ ਨੇ ਮੈਨੂੰ, ਇਸ ਕਰਕੇ ਖ਼ਾਰਿਜ਼ ਕਰ ਦਿੱਤਾ,

ਮੈਂ ਸਾਜ਼ਿੰਦਾ, ਕਿਉਂ ਸਾਜ਼ਾਂ ਦੇ, ਲੇਖਾਂ ਵਿਚ ਸਰਗਮ ਲਿਖਦਾ ਹਾਂ!

-----

ਤਾਂ ਕਿ ਰਾਹਗੀਰਾਂ ਨੂੰ ਬਹੁਤਾ, ਪੀੜਾਂ ਦਾ ਅਹਿਸਾਸ ਨਾ ਹੋਵੇ,

ਜ਼ਖ਼ਮੀ-ਜ਼ਖ਼ਮੀ ਪੈਰਾਂ ਤੇ ਵੀ, ਦਰਦ ਜ਼ਰਾ ਮੱਧਮ ਲਿਖਦਾ ਹਾਂ!

-----

ਹਾਦਸਿਆਂ ਨੂੰ ਤੁਸੀਂ ਵੀ ਲੋਕੋ, ਜੀਵਨ ਚੋਂ ਮਨਫ਼ੀ ਨਾ ਕੀਤਾ ,

ਮੇਰੇ ਸਿਰ ਫਿਰ ਦੋਸ਼ ਕਿਉਂ ਜੇ, ਅੱਖ ਨਗਰ ਦੀ ਨਮ ਲਿਖਦਾ ਹਾਂ!

No comments: