ਕੋਈ ਨਾਜ਼ੁਕ ਜਿਹੀ ਤਿਤਲੀ , ਮਸਲ਼ ਕੇ ਧਰ ਗਿਆ, ਉਇ ਹੁਇ ।
ਕਿ ਇਕ ਹਮਦਰਦ ਬਣ ਕੇ , ਜ਼ੁਲਮ ਦੀ ਹਦ ਕਰ ਗਿਆ, ਉਇ ਹੁਇ ।
-----
ਜਿਦ੍ਹਾ ਸੀਨਾ ਧੜਕਦਾ ਸੀ , ਤੇਰੇ ਹੀ ਇੰਤਜ਼ਾਰ ਅੰਦਰ ,
ਤੇਰਾ ਖੰਜਰ ਉਦੇ ਹੀ ਸੀਨੇ ਵਿਚ ਉੱਤਰ ਗਿਆ ? ਉਇ ਹੁਇ ।
-----
ਮਸੀਹਾ 'ਤੇ ਹੀ ਪੈ ਗਈ ਟੁਟਕੇ , ਬੀਮਾਰਾਂ ਦੀ ਬੀਮਾਰੀ ,
ਬਚਾਉਂਦਾ ਦੂਜਿਆਂ ਨੂੰ , ਖ਼ੁਦ ਮਸੀਹਾ ਮਰ ਗਿਆ, ਉਇ ਹੁਇ ।
-----
ਜੋ ਧਰਤੀ ਵਾਸਤੇ ਲੜਿਆ , ਜਿਨੇਂ ਅੰਬਰ ਫ਼ਤਿਹ ਕੀਤਾ,
ਨਾ ਧਰਤੀ ਹੀ ਗਈ ਉਸ ਨਾਲ, ਨਾ ਅੰਬਰ ਗਿਆ, ਉਇ ਹੁਇ ।
-----
ਇਹੋ ਨਾ ਫੈਸਲਾ ਹੋਇਆ, ਇਲਾਜ ਇਸਦਾ ਕਿਨੇਂ ਕਰਨੈਂ ?
ਬੜੇ ਸੀ ਚਾਰਾਗਰ , ਪਰ ਫਿਰ ਵੀ ਰੋਗੀ ਮਰ ਗਿਆ, ਉਇ ਹੁਇ ।
-----
ਤੇਰੇ ਲਈ ਸਰ- ਫ਼ਰੋਸ਼ੀ ਦੀ , ਤਮੰਨਾ ਸੀ ਜਿਦ੍ਹੇ ਦਿਲ ਵਿਚ ,
ਤੇਰਾ ਉਹ ਚਹੁੰਣ ਵਾਲਾ, ਪਹਿਲੇ ਹੱਲੇ ਡਰ ਗਿਆ, ਉਇ ਹੁਇ ।
-----
ਮੁਹੱਬਤ ਦੀ ਨਜ਼ਰ ਦੀ ਭੀਖ਼ , ਨਾ ਉਸ ਨੂੰ ਮਿਲੀ ਕਿਤਿਉਂ ,
ਜਿਦ੍ਹਾ ਦਰ ਹੀ ਨਹੀ ਸੀ , ਉਹ ਉਦੇ ਵੀ ਦਰ ਗਿਆ, ਉਇ ਹੁਇ ।
-----
ਅਸਾਂ ਤਾਂ ਆਖ਼ਰੀ ਦਮ ਤੀਕ ਵੀ , ਸੰਘਰਸ਼ ਕੀਤਾ - ਪਰ ,
ਜਦੋਂ ਜਿੱਤਣ ਹੀ ਵਾਲੇ ਸਾਂ , ਮੁਕੱਦਰ ਹਰ ਗਿਆ, ਉਇ ਹੁਇ ।
-----
ਬੜੀ ਹੀ ਦੇਰ ਮਗਰੋਂ , ਲਾਸ਼ ਉੱਪਰ ਆ ਗਈ ਉਸ ਦੀ ,
ਕਿ "ਸੰਧੂ" ਫੇਰ ਵੀ ਤਾਰੂ ਸੀ , ਡੁਬ ਕੇ ਤਰ ਗਿਆ, ਉਇ ਹੁਇ ।
2 comments:
ਲਾ ਜਬਾਬ ਹੈ ਗਜ਼ਲ
ਬਾਰਨੈ ਬਲਿਹਾਰਨੈ ਲਖ ਵਾਰ
ਇਹ ਸ਼ੇਅਰ ਬਹੁਤ ਸੋਹਣਾ ਹੈ :
ਬੜੀ ਹੀ ਦੇਰ ਮਗਰੋਂ , ਲਾਸ਼ ਉੱਪਰ ਆ ਗਈ ਉਸ ਦੀ ,
ਕਿ "ਸੰਧੂ" ਫੇਰ ਵੀ ਤਾਰੂ ਸੀ , ਡੁਬ ਕੇ ਤਰ ਗਿਆ, ਉਇ ਹੁਇ ।
Post a Comment