ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, August 28, 2009

ਜਗਦੀਸ਼ ਰਾਣਾ - ਗ਼ਜ਼ਲ

ਸਾਹਿਤਕ ਨਾਮ: ਜਗਦੀਸ਼ ਰਾਣਾ

ਅਜੋਕਾ ਨਿਵਾਸ: ਜਲੰਧਰ, ਪੰਜਾਬ

ਕਿਤਾਬਾਂ: ਯਾਦਾਂ ਦੇ ਗਲੋਟੇ (ਗੀਤ-ਸੰਗ੍ਰਹਿ) ਛਪਾਈ ਅਧੀਨ ਹੈ ਅਤੇ ਏਕ ਦਿਨ ਅਚਾਨਕ (ਹਿੰਦੀ ਕਵਿਤਾਵਾਂ) ਦਾ ਖਰੜਾ ਤਿਆਰ ਪਿਆ ਹੈ।

ਇਨਾਮ-ਸਨਮਾਨ: ਸ਼ਿਵ ਬਟਾਲਵੀ ਐਵਾਰਡ(ਪੰਜਾਬੀ ਸੱਭਿਆਚਾਰਕ ਮੰਚ-ਜਲੰਧਰ ਕੈਂਟ),ਨੰਦ ਲਾਲ ਨੂਰਪੁਰੀ ਐਵਾਰਡ(ਪਿੰਡ ਸੇਮੀ ਸੱਭਿਆਚਾਰਕ ਕਮੇਟੀ) ਤੇ ਹੋਰ ਇਨਾਮਾਂ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

-----

ਦੋਸਤੋ! ਦਾਦਰ ਪੰਡੋਰਵੀ ਜੀ ਨੇ ਜਗਦੀਸ਼ ਰਾਣਾ ਜੀ ਦੀ ਇਹ ਬੇਹੱਦ ਖ਼ੂਬਸੂਰਤ ਗ਼ਜ਼ਲ ਅਤੇ ਇੱਕ ਗੀਤ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਜਗਦੀਸ਼ ਰਾਣਾ ਜੀ ਗ਼ਜ਼ਲ, ਗੀਤ, ਕਵਿਤਾ ( ਹਿੰਦੀ ਚ ਵੀ) , ਸਹਾਤਿਕ ਤੇ ਸੱਭਿਆਚਾਰਕ ਲੇਖ ਤੇ ਮਿੰਨੀ ਕਹਾਣੀਆਂ ਲਿਖਦੇ ਹਨ। ਉਹਨਾਂ ਦੇ ਲਿਖੇ ਕਈ ਗੀਤ ਪੰਜਾਬ ਦੇ ਨਾਮਵਰ ਗਾਇਕਾਂ ਦੀ ਆਵਾਜ਼ ਚ ਰਿਕਾਰਡ ਹੋ ਚੁੱਕੇ ਹਨ। ਕਈ ਰਚਨਾਵਾਂ ਪਾਕਿਸਤਾਨ ਚ ਉਰਦੂ ਵਿੱਚ ਅਨੁਵਾਦ ਹੋ ਕੇ ਵੀ ਛਪੀਆਂ। ਰਾਣਾ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਰਚਨਾਵਾਂ ਨੂੰ ਆਰਸੀ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਇਹ ਜ਼ਰੂਰੀ ਤਾਂ ਨਹੀਂ ਹਰ ਮੋੜ ਤੇ ਰਹਿਬਰ ਮਿਲੇ

ਇਹ ਵੀ ਹੋ ਸਕਦੈ ਕਿ ਅੱਗੋਂ ਚੋਰ ਜਾਂ ਕਾਫ਼ਰ ਮਿਲੇ।

----

ਚੰਦ, ਤਾਰੇ ਚਾਹੁੰਦਾ ਹੈ ਜੋ, ਉਸਨੂੰ ਤਾਂ ਅੰਬਰ ਮਿਲੇ,

ਮੈਨੂੰ ਤਾਂ ਇਕ ਸਾਥ ਤੇਰਾ, ਰਹਿਣ ਨੂੰ ਇਕ ਘਰ ਮਿਲੇ।

-----

ਦੁਨੀਆਂ ਉੱਤੇ ਪਿਆਰ ਬਦਲੇ, ਦਿਲ ਨੂੰ ਕਿਉਂ ਖੰਜ਼ਰ ਮਿਲੇ।

ਆਸ ਲਾਵੇ ਫੁੱਲਾਂ ਦੀ ਜੋ, ਉਸਨੂੰ ਕਿਉਂ ਪੱਥਰ ਮਿਲੇ।

-----

ਖੇਤ ਨੂੰ ਹੁਣ ਵਾੜ ਹੀ ਹੈ ਖਾਣ ਲੱਗੀ ਦੋਸਤੋ,

ਸੁੱਖ ਕਿਸਾਨਾਂ ਨੂੰ ਕਿਵੇਂ ਫਿਰ ਸੋਚੋ ਰੱਤੀ ਭਰ ਮਿਲੇ।

-----

ਛਲਕਿਆ ਨਾ ਤੇਰੇ ਨੈਣਾਂ ਚੋਂ ਕਦੀ ਦੋ ਘੁੱਟ ਨਸ਼ਾ,

ਚਾਹਿਆ ਜਦ ਮੈਂ ਸੀ ਤੇਰੇ ਪਿਆਰ ਦਾ ਸਾਗਰ ਮਿਲੇ।

-----

ਉਸਦੀਆਂ ਖੁਸ਼ੀਆਂ ਨੂੰ ਲਗ ਜਾਂਦੇ ਨੇ ਖੰਭ ਉਦੋਂ ਜਨਾਬ,

ਵਰ੍ਹਿਆਂ ਪਿੱਛੋਂ ਜਦ ਕਿਸੇ ਨੂੰ ਵਿਛੜਿਆ ਦਿਲਬਰ ਮਿਲੇ।

-----

ਕਸ਼ਿਸ਼ ਪੈਦਾ ਕਰ ਤੂੰ ਐਨੀ ਸ਼ਾਇਰੀ ਵਿੱਚ ਸ਼ਾਇਰਾ,

ਚਾਹੁੰਨਾਂ ਹੈਂ ਜੇਕਰ, ਤੇਰੀ ਕਵਿਤਾ ਨੂੰ ਵੀ ਆਦਰ ਮਿਲੇ।

-----

ਉਹਜਿਨ੍ਹਾਂ ਚਾਹਿਆ ਸੀ ਉੱਚਾ ਉੱਡਣਾ ਅਸਮਾਨ ਵਿਚ,

ਅੱਜ ਉਨ੍ਹਾਂ ਹੀ ਪੰਛੀਆਂ ਦੇ ਖਿਲਰੇ ਹੋਏ ਪਰ ਮਿਲੇ।

-----

ਇਸ ਤਰ੍ਹਾਂ ਮਹਿਸੂਸ ਹੋਇਆ ਮਿਲ ਕੇ ਤੈਨੂੰ ਰਾਣਿਆ’,

ਜਿਸ ਤਰ੍ਹਾਂ ਇਕ ਬੇ-ਘਰੇ ਨੂੰ ਦੇਰ ਮਗਰੋਂ ਘਰ ਮਿਲੇ।

=====

ਗੀਤ

ਝੜੇ ਪੱਤਿਆਂ ਦੇ ਵਾਗੂੰ ਸਾਡਾ ਕੋਈ ਨਾ ਟਿਕਾਣਾ!

ਅਸੀਂ ਵਾਂਗ ਪਰਵਾਨਿਆਂ ਦੇ ਮਰ-ਮੁੱਕ ਜਾਣਾ!

----

ਲੱਗੇ ਚੁੱਪ ਵਾਲੇ ਤਾਲੇ ਸਾਡੇ ਬੁੱਲ੍ਹੀਆਂ ਦੇ ਬੂਹੀਂ,

ਸੁੱਖ ਭੁੱਲ ਕੇ ਵੀ ਆਉਂਦੇ ਨਹੀਂ ਜ਼ਿੰਦਗੀ ਦੀ ਜੂਹੀਂ,

ਇੰਝ ਲੱਗੇ ਜਿਵੇਂ ਗ਼ਮਾਂ ਨਾਲ ਰਿਸ਼ਤਾ ਪੁਰਾਣਾ

ਅਸੀਂ ਵਾਂਗ ਪਰਵਾਨਿਆਂ ਦੇ ......

----

ਯਾਦ ਆਣ ਕੇ ਦੋਮੂੰਹੀਂ, ਮੈਨੂੰ ਹਰ ਘੜੀ ਡੰਗੇ,

ਸਾਹ ਔਖੇ-ਔਖੇ ਲੈਣ, ਮੇਰੇ ਖ਼ਾਬ ਸੱਤਰੰਗੇ,

ਦਿਨ ਹਉਕੇ ਲੈ-ਲੈ ਕੱਟੇ, ਮੇਰਾ ਇਸ਼ਕ ਨਿਮਾਣਾ

ਅਸੀਂ ਵਾਂਗ ਪਰਵਾਨਿਆਂ ਦੇ .....

----

ਹੋ ਕੇ ਖ਼ੰਡਰ ਹੀ ਰਹਿ ਗਏ, ਮੇਰੀ ਰੀਝ ਦੇ ਮੁਨਾਰੇ,

ਪਾਈਏ ਕੀਹਦੇ ਨਾਲ ਬਾਤਾਂ, ਕੋਈ ਭਰੇ ਨਾ ਹੁੰਗਾਰੇ,

ਲੱਗੇ ਸਦਾ ਲਈ ਹੀ ਰੁੱਸ ਗਿਆ ਮੌਸਮ ਸੁਹਾਣਾ

ਅਸੀਂ ਵਾਂਗ ਪਰਵਾਨਿਆਂ ਦੇ ......

----

ਰਾਣੇਸਾਂਝਾਂ ਦੀ ਕੁੱਲੀ ਤਾਂ ਭਾਵੇਂ ਹੋ ਗਈ ਕੱਖ-ਕੱਖ,

ਯਾਦਾਂ ਤੇਰੀਆਂ ਨਾ ਹੋਣ ਮੈਥੋਂ ਕਿਸੇ ਘੜੀ ਵੱਖ,

ਯਾਦ ਕਰਨਾ ਹੀ ਆਉਂਦੈ, ਸਾਨੂੰ ਆਉਂਦਾ ਨਈਂ ਭੁਲਾਣਾ

ਅਸੀਂ ਵਾਂਗ ਪਰਵਾਨਿਆਂ ਦੇ ਮਰ-ਮੁੱਕ ਜਾਣਾ!





No comments: