ਥੋੜ੍ਹੀ ਦੇਰ ਹੋਰ
ਨਜ਼ਮ
ਥੋੜ੍ਹੀ ਦੇਰ ਹੋਰ ਠਹਿਰ ਜਾਹ
ਮੈਨੂੰ ਇੱਕ ਵਾਰ ਫੇਰ
ਪੜ੍ਹ ਲੈਣ ਦੇ
ਉਹ ਸਾਰੇ ਖ਼ਤ
ਜਿਹੜੇ ਅੰਤਾਂ ਦੇ ਸਨੇਹ ‘ਚ ਭਿੱਜ ਕੇ
ਤੂੰ ਮੈਨੂੰ ਲਿਖੇ
............
ਫੇਰ ਮੈਨੂੰ
ਉਹ ਲਮਹੇਂ ਜਿਉਂ ਲੈਣ ਦੇ
ਜਿਹੜੇ ਤੇਰੇ ਤੇ ਮੇਰੇ ਵਿਚਕਾਰ ਰਹੇ
ਉਹ ਗੱਲਾਂ ਯਾਦ ਕਰ ਲੈਣ ਦੇ
ਜਿਹੜੀਆਂ ਕਿੰਨੀ ਹੀ ਵਾਰ
ਮੈਂ ਤੈਨੂੰ ਪੁੱਛਦਾ ਪੁੱਛਦਾ
ਭੁੱਲ ਜਾਂਦਾ ਰਿਹਾ
..................
ਥੋੜ੍ਹੀ ਦੇਰ ਹੋਰ ਠਹਿਰ ਜਾਹ
ਮੈਨੂੰ ਇੱਕ ਵਾਰ ਫੇਰ
ਯਾਦ ਕਰ ਲੈਣ ਦੇ ਉਹ ਪਲ
ਜਿਹਨਾਂ ‘ਚ ਤੂੰ ਮੈਨੂੰ
ਧਰਤ ਵਾਂਗ ਸੰਭਾਲ਼ਿਆਂ
ਆਕਾਸ਼ ਬਣ ਕੇ ਮੇਰੇ ਤੇ
ਕਿੰਨੀਆਂ ਸਤਰੰਗੀਆਂ ਦੀ ਛਾਂ ਕੀਤੀ
ਤੇਰੇ ਸ਼ਬਦਾਂ ‘ਚੋਂ ਕਿੰਨੀ ਵਾਰ
ਜੀਵਨ ਦੀ ਲੋਅ ਲੈ ਕੇ
ਤੁਰਦਾ ਰਿਹਾ ਮੈਂ ਨਿਰੰਤਰ
.......................
ਥੋੜ੍ਹੀ ਦੇਰ ਹੋਰ ਠਹਿਰ ਜਾਹ
ਇਸ ਪਲ ਮੈਨੂੰ
ਉਹਨਾਂ ਛਿਣਾਂ ਸਾਹਵੇਂ
ਨਤਮਸਤਕ ਹੋ ਲੈਣ ਦੇ
ਜਿਹਨਾਂ ਨੇ ਸਾਨੂੰ
ਇਕੱਠਿਆਂ ਖੜ੍ਹਿਆਂ ਨੂੰ
ਸੰਘਣੀ ਛਾਂ ਦਿੱਤੀ
ਮਿਲ਼ਣ ਲਈ ਥਾਂ ਦਿੱਤੀ
...................
ਉਹਨਾਂ ਰਾਹਾਂ ਦਾ
ਸੇਕ ਜਾਂਚ ਲੈਣ ਦੇ
ਜਿਹਨਾਂ ਤੇ ਹੁਣ ਤੋਂ ਬਾਅਦ
ਤੂੰ ਤੁਰਨਾ ਹੈ
..................
ਉਹਨਾਂ ਰਾਹਵਾਂ ਤੇ
ਆਪਣੀਆਂ ਕਵਿਤਾਵਾਂ ਦੀ
ਛਾਂ ਕਰ ਲੈਣ ਦੇ
ਮੈਨੂੰ ਆਪਣੀ ਅੰਤਿਮ ਕਵਿਤਾ
ਤੇਰੇ ਨਾਂ ਕਰ ਲੈਣ ਦੇ
........................
ਕੁਝ ਦੇਰ ਹੋਰ ਠਹਿਰ ਜਾਹ!
3 comments:
Post a Comment