ਸਿਖਰ ਦੁਪਹਿਰੇ ਤਪਦੇ ਸੂਰਜ ਦਾ ਲਖ ਸ਼ੁਕਰ ਮਨਾਇਆ ਹੈ।
ਜਿਸ ਦੇ ਸਦਕਾ ਸੁੰਨੇ ਥਲ਼ ਵਿਚ ਸਾਥੀ ਮੇਰਾ ਸਾਇਆ ਹੈ।
----
ਕਬਰਾਂ ਪੂਜੇ, ਦਲ਼ੀਆ ਦੇਵੇ, ਮੜ੍ਹੀਆਂ ਨੂੰ ਵੀ ਮੰਨਦਾ ਹੈ,
ਉਂਝ ਉਸ ਨੇ ਅਪਣੇ ਘਰ ਚਿੱਤਰ ਨਾਨਕ ਦਾ ਲਟਕਾਇਆ ਹੈ।
----
ਦਿੱਤਾ ਦਾਨ ਗੁਰੂ ਘਰ ਉਸ ਨੇ ਝੁਕ ਝੁਕ ਨੀਵਾਂ ਹੋ ਹੋ ਕੇ,
ਪਰ ਪੱਥਰ ‘ਤੇ ਨਾਂ ਅਪਣਾ ਮੋਟਾ ਮੋਟਾ ਲਿਖਵਾਇਆ ਹੈ।
----
ਜਿਸਦਾ ਬਾਪੂ ‘ਪਾਣੀ ਪਾਣੀ’ ਕਰਦਾ ਪਿਆਸਾ ਮਰਿਆ ਸੀ,
ਉਸ ਨੇ ਬਾਪੂ ਦੀ ਯਾਦ ‘ਚ ਰਾਹ ਉੱਤੇ ਨਲ਼ਕਾ ਲਗਵਾਇਆ ਹੈ।
----
ਵਿਗਿਆਪਨ ਦੀ ਦੁਨੀਆ ਅੰਦਰ ਹਰ ਅਣਜੋੜ ਹੀ ਜਾਇਜ਼ ਹੈ,
ਬਲਬ ਲਗਾ ਕੇ ਬੋਤਲ ਵਿਚ ਸੂਰਜ ਦਾ ਲੇਬਲ ਲਾਇਆ ਹੈ।
----
ਜਿਸ ਨੂੰ ਭੁੱਲਣ ਆਇਆ ਸਾਂ ਡਲਹੌਜ਼ੀ ਪਰ ਹਾਇ ਕਿਸਮਤ;
ਛੁਟੀਆਂ ਕੱਟਣ ਸ਼ੌਹਰ ਅਪਣੇ ਨਾਲ਼ ਉਹ ਵੀ ਏਥੇ ਆਇਆ ਹੈ।
----
ਜੁਗਨੂੰ ਅਪਣੀ ਲੋਅ ਦਾ ਮਾਲਕ ਚੰਨ ਦੀ ਚਮਕ ਉਧਾਰੀ ਏ,
ਜੁਗਨੂੰ ਚੰਨ ਤੋਂ ਕਿੰਨਾ ਵੱਡਾ ਅੱਜ ਸਮਝ ਇਹ ਆਇਆ ਹੈ।
1 comment:
Ghazal bahut bulandi te hai.
Post a Comment