ਦੋਸਤੋ! ਮਰਹੂਮ ਸ਼ਾਇਰ ਸ਼੍ਰੀ ਚਮਨ ਲਾਲ ਸੁਖੀ ਜੀ ( ਡੈਡੀ ਜੀ ਗੁਰਦਰਸ਼ਨ ਬਾਦਲ ਜੀ ਦੇ ਬਹੁਤ ਕਰੀਬੀ ਸ਼ਾਇਰ-ਮਿੱਤਰ ) ਦੀ ਇਹ ਫੋਟੋ ਦਿੱਲੀ ਤੋਂ ਸ਼੍ਰੀ ਸੁਭਾਸ਼ ਸ਼ਰਮਾ ਜੀ ਨੇ ਆਰਸੀ ਲਈ ਭੇਜੀ ਹੈ, ਜੋ ਉਹਨਾਂ ਦੇ ਨਿਵਾਸ ਤੇ ਸੁਖੀ ਸਾਹਿਬ ਦੀ ਦਿੱਲੀ ਫੇਰੀ ਦੌਰਾਨ ਖਿੱਚੀ ਗਈ ਸੀ। ਮੈਂ ਸ਼ਰਮਾ ਜੀ ਦੀ ਤਹਿ-ਦਿਲੋਂ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
*************
ਫੁਟਕਲ ਸ਼ਿਅਰ
ਜੇ ਪਾਇਆ ਪਿੰਜਰੇ ਅੰਦਰ ਤੂੰ ਪਰ ਕਟ ਕੇ ਤਾਂ ਕੀ ਹੋਇਆ,
ਮਿਰੇ ਹਿੱਸੇ ਦੀ ਰੋਟੀ ਤਾਂ ਹੈ ਏਥੇ ਵੀ ਚਲੀ ਆਈ।
-----
ਜਿਸ ਜਗਾਹ ਤੇ ਬੇੜੀ ਡੁੱਬੀ ਸੀ ਤਿਰੀ ਕਲ ਦੋਸਤਾ,
ਓਸ ਥਾਂ ਹਾਜ਼ਿਰ ਖ਼ੁਦਾ ਸੀ, ਨਾ-ਖ਼ੁਦਾ ਸੀ, ਮੈਂ ਨ ਸੀ।
-----
ਜ਼ਮਾਨਾ ਸੀ ਕਦੀ ਉਹ ਵੀ, ਨਜ਼ਰ ਤਕ ਵੀ ਨਾ ਚੁੱਕਦੇ ਸਨ,
ਮਗਰ ਅਜਕਲ੍ਹ ਤਾਂ ਬੱਚੇ ਬੋਲਦੇ ਨੇ, ਬਾਪ ਦੇ ਸਾਹਵੇਂ।
-----
ਬੜਾ ਹੀ ਦਬਦਬਾ ਮਹਿਫ਼ਿਲ ‘ਚ ਹੈ ਯਾਰੋ ਸਿਤਮਗਰ ਦਾ,
ਭਰੇ ਬੈਠੇ ਨੇ ਸਾਰੇ ਹੀ ਮਗਰ ਨਾ ਬੋਲਦਾ ਕੋਈ।
-----
ਸਦਾ ਹੀ ਵੇਖਿਆ ਤੈਨੂੰ ਅਸਾਂ ਪੜ੍ਹਦੇ ਕਿਤਾਬਾਂ ਨੂੰ,
ਕਦੀ ਤਾਂ ਪੜ੍ਹ ਲਿਆ ਕਰ ਭੈੜਿਆ ਤੂੰ ਦਿਲ ਦੀ ਪੋਥੀ ਵੀ।
No comments:
Post a Comment