ਮੇਰੀਆਂ ਪਲਕਾਂ ‘ਚ ਖਾਰੀ ਝੀਲ ਬਣ ਜਾਇਆ ਕਰੇ।
ਇਸ ਤਰ੍ਹਾਂ ਨਾ ਪੌਣ ਮੇਰੇ ਜ਼ਖ਼ਮ ਸਹਿਲਾਇਆ ਕਰੇ।
-----
ਉਤਰਦੀ ਸ਼ਬਨਮ ਸਵੇਰੇ ਝੂੰਮਦੀ ਇਕ ਡਾਲ ‘ਤੇ,
ਸ਼ਾਮ ਨੂੰ ਉਸ ਡਾਲ ‘ਤੇ ਇਕ ਨਾਗ ਵਲ਼ ਪਾਇਆ ਕਰੇ।
-----
ਓਸ ਮਹਿਰਮ ਨੂੰ ਉਡੀਕਾਂ ਏਸ ਤਨਹਾਈ ‘ਚ ਜੋ,
ਪੀ ਲਵੇ ਕਸਕਾਂ ਤੇ ਮੇਰੇ ਹੇਰਵੇ ਖਾਇਆ ਕਰੇ।
-----
ਜੀ ਕਰੇ ਮੈਂ ਓਸ ਦੇ ਪੇਚਾਂ ‘ਚ ਕਿਰਨਾਂ ਜੜ ਦਿਆਂ,
ਨਾਲ਼ ਦੇ ਕਮਰੇ ‘ਚ ਜਿਹੜੀ ਜ਼ੁਲਫ਼ ਲਹਿਰਾਇਆ ਕਰੇ।
-----
ਜਿਸਦਿਆਂ ਗੀਤਾਂ ਨੂੰ ਸੁਣ ਕੇ ਦਿਨ ਖੜ੍ਹੇ ਬਲ਼ਦੇ ਚਿਰਾਗ਼,
ਰਾਤ ਨੂੰ ਦਿਲ ਚੀਰਵੇਂ ਉਹ ਮਰਸੀਏ ਗਾਇਆ ਕਰੇ।
-----
ਮੁੱਢ ਦੇ ਵਿਚ ਬਰਮੀਆਂ ਤੇ ਬਰਮੀਆਂ ਵਿਚ ਆਲ੍ਹਣੇ,
ਬਿਰਖ ਕਿਹੜੇ ਹੌਸਲੇ ਫਿਰ ਝੂੰਮਿਆ ਗਾਇਆ ਕਰੇ।
-----
ਚੋਗ ਹਰਫ਼ਾਂ ਦੀ ਮੇਰੇ ਅਹਿਸਾਸ ਪੰਛੀ ਚੁਗ ਰਹੇ,
ਇਸ ਤਰ੍ਹਾਂ ਮੇਰੇ ਦਰਾਂ ‘ਤੇ ਸ਼ਾਇਰੀ ਆਇਆ ਕਰੇ।
2 comments:
Wah,kamaal hai hamesha waang,...
jaswinder veer tusi kamaal dee gajal lekhi hai.
sarbjeet sangatpura
Post a Comment