ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, September 8, 2009

ਦਰਵੇਸ਼ - ਜਿਉਂਦੇ ਆਦਮੀ ਦਾ ਸਰਲ ਅਨੁਵਾਦ - ਮੋਹਨ ਸਪਰਾ

ਦੋਸਤੋ! ਦਰਵੇਸ਼ ਜੀ ਨੇ ਬਹੁਤ ਘੱਟ ਸਾਹਿਤਕ ਦੋਸਤਾਂ ਦੇ ਕਾਵਿ-ਚਿੱਤਰ ਲਿਖੇ ਹਨ, ਪਰ ਜਿੰਨੇ ਵੀ ਲਿਖੇ ਹਨ, ਉਹਨਾਂ ਚ ਹੂ-ਬ-ਹੂ ਉਸ ਸ਼ਖ਼ਸ ਦੀ ਤਸਵੀਰ ਚਿਤਰ ਦਿੱਤੀ ਹੈ। ਅਜਿਹੀਆਂ ਲਿਖਤਾਂ ਪੜ੍ਹਦੀ ਮੈਂ ਅਕਸਰ ਸੋਚਦੀ ਹੁੰਦੀ ਆਂ ਕਿ ਉਸਦਾ ਕਾਗ਼ਜ਼, ਕੈਨਵਸ ਅਤੇ ਕਲਮ, ਬਰੱਸ਼ ਹੁੰਦੀ ਹੈ ਤੇ ਇੱਕੋ ਵਾਰ ਚ, ਇੱਕੋ ਬੈਠਕ 'ਚ, ਇੱਕੋ ਛੋਹ ਨਾਲ਼ ਉਸ ਤੇ ਤਸਵੀਰ ਮੁਕੰਮਲ ਕਰਨ ਦਾ ਜਨੂੰਨ ਸਵਾਰ ਹੋ ਜਾਂਦਾ ਹੈ। ਰੰਗ ਖ਼ੁਦ ਉਸਦੇ ਬਰੱਸ਼ ਦੀ ਤਕ਼ਦੀਰ ਬਣਨਾ ਲੋਚਦੇ ਹਨ ਅਤੇ ਕਾਵਿ-ਚਿੱਤਰ ਉਸ ਸ਼ਖ਼ਸ ਦਾ ਅਕਸ ਨਹੀਂ, ਦੂਜਾ ਆਪਾ ਬਣ ਜਾਂਦਾ ਹੈ। ਜੇ ਕਦੇ ਦੋਸਤਾਂ ਬਾਰੇ ਲਿਖਣ ਦਾ ਮੂਡ ਬਣ ਜਾਏ ਤਾਂ, ਉਹ ਫਿਲਮ ਦੀ ਐਡਿਟਿੰਗ ਤੱਕ ਛੱਡ ਕੇ ਕਮਰਾ ਬੰਦ ਕਰਕੇ ਬਹਿ ਜਾਂਦਾ ਹੈ। ਕਦੇ ਪੁੱਛ ਵੇਖਿਓ ਕਿ ਕਾਵਿ-ਚਿੱਤਰ ਲਿਖਣਾ ਜ਼ਰੂਰੀ ਸੀ ਜਾਂ ਫਿਲਮ ਦੀ ਐਡਿਟਿੰਗ ਤਾਂ ਆਖੂ... ....ਐਡਿਟਿੰਗ ਦਾ ਕੰਮ ਤਾਂ ਏਵੇਂ ਹੀ ਚਲਦਾ ਰਹੂ....ਕਾਵਿ-ਚਿੱਤਰ ਫੇਰ ਨਈਂ ਸੀ ਲਿਖਿਆ ਜਾਣਾ....

-----

ਆਪਣੀ ਗੱਲ ਨੂੰ ਸੰਖੇਪ ਰੱਖਦੀ ਹੋਈ, ਅੱਜ ਦਰਵੇਸ਼ ਜੀ ਦਾ ਲਿਖਿਆ ਹਿੰਦੀ ਦੇ ਸੁਪ੍ਰਸਿੱਧ ਲੇਖਕ ਸ਼੍ਰੀ ਮੋਹਨ ਸਪਰਾ ਜੀ ਦਾ ਕਾਵਿ-ਚਿੱਤਰ ਸ਼ਾਮਲ ਕਰ ਰਹੀ ਹਾਂ, ਜ਼ਰਾ ਵੇਖੋ ਤਾਂ ਸਪਰਾ ਜੀ ਦੀਆਂ ਅੱਖਾਂ ਚ ਸ਼ਬਦਾਂ ਦੇ ਜਾਦੂ ਦੇ ਸੂਰਜ ਕਿੰਝ ਚਮਕਦੇ ਨੇ......ਸਾਡੇ ਲਈ ਸੁਭਾਗ ਦੀ ਗੱਲ ਹੈ ਕਿ ਇਸ ਕਾਵਿ-ਚਿੱਤਰ ਨਾਲ਼ ਸਪਰਾ ਜੀ ਦੀ ਆਰਸੀ ਤੇ ਪਹਿਲੀ ਵਾਰ ਹਾਜ਼ਰੀ ਲੱਗ ਰਹੀ ਹੈ....ਸਪਰਾ ਸਾਹਿਬ! ਖ਼ੁਸ਼ਆਮਦੀਦ!

ਅਦਬ ਸਹਿਤ

ਤਨਦੀਪ ਤਮੰਨਾ

************

ਜਿਉਂਦੇ ਆਦਮੀ ਦਾ ਸਰਲ ਅਨੁਵਾਦ - ਮੋਹਨ ਸਪਰਾ

ਕਾਵਿ-ਚਿੱਤਰ

ਜਦੋਂ ਵੀ ਮਿਲ਼ਦਾ ਹੈ

ਉਸਨੂੰ ਅੱਗ ਲੱਗੀ ਹੁੰਦੀ ਹੈ

ਤੇ ਉਹ ਮੈਨੂੰ

ਅੰਦਰੋਂ

ਸਾਰੇ ਦਾ ਸਾਰਾ ਝੁਲ਼ਸ ਦਿੰਦਾ ਹੈ

............

ਰਾਖ ਦੀ ਢੇਰੀ ਚੋਂ

ਤੁਸੀਂ ਉਸਦਾ ਤਾਂਡਵ ਵੇਖ ਸਕਦੇ ਹੋ

ਪਰ ਉਹ

ਮੇਰੇ ਅੰਦਰ ਕਿਧਰੇ

ਨਾਗਮਣੀ ਸਾਂਭ ਰਿਹਾ ਹੁੰਦਾ ਹੈ

............

ਵੋਦਕਾ ਦੇ ਨਸ਼ੇ ਵਾਂਗ ਗੱਲਾਂ ਕਰਦਾ

ਉਹ ਤੁਹਾਡੇ ਅੰਦਰ

ਜ਼ਹਿਰ ਦਾ ਛਿੱਟਾ ਦਿੰਦਾ ਹੈ

ਤੇ ਤੁਸੀਂ ਜਦੋਂ

ਜ਼ਹਿਰ ਆਪਣੀਆਂ ਨਾੜਾਂ

ਉੱਤਰਦਾ ਮਹਿਸੂਸ ਕਰਦੇ ਹੋ

ਤਾਂ ਉਹ ਵਰਤਮਾਨ ਦੀ

ਖੂਹੀ

ਉੱਤਰ ਰਿਹਾ ਹੁੰਦਾ ਹੈ

ਤੇ ਤੁਸੀਂ

ਉਸਦੇ ਨਾਲ ਤੁਰ ਰਹੇ ਹੁੰਦੇ ਹੋ

................

ਉਹ ਅੰਦਰੋਂ ਡੂੰਘਾ ਹੈ

ਵਾਨਗਾੱਗ ਦੇ ਚਿੱਤਰਾਂ ਜਿੰਨਾਂ

ਤੇ ਸ਼ੋਭਾ ਸਿੰਘ ਦੀਆਂ ਬੁਰਸ਼ ਛੋਹਾਂ ਜਿੰਨਾਂ

ਉਪਰੋਂ ਸਰਲ ਹੈ

ਤਰਲ ਵੀ

............

ਤੇ ਜੁਝਾਰੂ ਵੀ

.............

ਸੰਦੀਪਿਕਾ

ਉਸਦੀ ਪਤਨੀ ਨਹੀਂ

ਪੂਰਣ ਪ੍ਰੇਮਿਕਾ ਹੈ

ਜੇ ਉਹ ਪਤਨੀ ਤੱਕ ਹੀ ਮਹਿਦੂਦ ਹੁੰਦੀ

ਤਾਂ ਉਹ ਸ਼ਾਇਰ ਨਹੀਂ

ਇੱਕ

ਚਿੜਚਿੜਾ

ਅਧਿਆਪਕ ਹੋਣਾ ਸੀ

................

ਖਾਣ ਵਿੱਚ ਉਹ

ਪਾਪੜ ਵਰਗਾ ਚਟਪਟਾ ਹੈ

( ਮੇਰੇ ਲਈ )

ਤੁਸੀਂ ਕਿਤੇ

ਇਹ ਉਮੀਦ ਰੱਖਕੇ ਨਾਂ ਆ ਜਾਇਓ

ਕਿ ਉਹ

ਹਰ ਕਿਸੇ ਦੇ ਮੂੰਹ ਦਾ ਸੁਆਦ ਹੈ

ਇਉਂ ਤਾਂ ਉਹ

ਕਈਆਂ ਦੀਆਂ ਨਜ਼ਰਾਂ ਵਿੱਚ

ਦੂਰੋਂ ਹੀ

ਲਿਜਲਿਜਾ ਬਣਕੇ ਉਤਰਦਾ ਹੈ

( ਕਈ ਵਾਰ

ਛਾਂ ਵਿੱਚ ਫੁੰਕਾਰਦਾ

ਸੱਪ ਬਣਕੇ ਵੀ )

ਜਦੋਂ ਵੀ ਮਿਲਦਾ ਹੈ

ਉਹਦੇ ਸਿਰ ਤੇ ਸਵਾਰ ਹੁੰਦਾ ਹੈ ਤੂਫ਼ਾਨ

ਤੇ ਉਹ ਤਹਾਨੂੰ

ਤੀਲਾ ਤੀਲਾ ਕਰ ਦਿੰਦਾ ਹੈ

ਖਿੰਡੇ ਆਲ੍ਹਣੇ ਚੋਂ

ਤੁਸੀਂ ਉਹਦੇ

ਬੋਟਾਂ ਦਾ ਚਿਹਰਾ ਵੇਖਣਾ ਚਾਹੁੰਦੇ ਹੋ

ਪਰ ਉਹ ਤੁਹਾਡੇ ਅੰਦਰ ਕਿਧਰੇ

ਚੋਗਾ ਬਿਖੇਰ ਰਿਹਾ ਹੁੰਦਾ ਹੈ

..............

ਉਹ ਪੰਜਾਬੀ ਵਾਲ਼ਿਆਂ ਦਾ ਯਾਰ ਹੈ

ਤੇ ਹਿੰਦੀ ਦਾ ਕਿਣਮਿਣਾ ਨਜ਼ਮਗਰ

ਜਦੋਂ ਕੜਕੜਾ ਸਮੀਖਿਅਕ ਹੁੰਦਾ ਹੈ

ਤਾਂ ਦੁਸ਼ਮਣੀ ਭੋਗਣ ਲਈ

ਅਹਿਸਾਸ

ਉਹਦੇ ਕਰਜ਼ਦਾਰ ਹੁੰਦੇ ਹਨ

................

ਜਦੋਂ ਉਹ

ਦੁਸ਼ਮਣਾਂ ਦੇ ਸਿਰ ਔੜ ਬੀਜਦਾ ਹੈ

ਤਾਂ ਮੈਂ

ਬੱਦਲਾਂ ਵਰਗੀ ਨਜ਼ਮ ਲਿਖਦਾ ਹਾਂ

ਤੇ ਜਦੋਂ ਯਾਰਾਂ ਨੂੰ ਜੱਫੀਆਂ ਪਾਉਂਦਾ ਹੈ

ਮੈਂ ਔੜ ਵਰਗੀ ਨਜ਼ਮ ਤਾਂ ਨਹੀਂ

ਉਹਦੇ

ਦੁਸ਼ਮਣਾਂ ਦੇ ਸਿਰ ਚੋਂ

ਰੇਤ ਜ਼ਰੂਰ ਝਾੜਦਾ ਹਾਂ

...............

ਵਾਰ ਵਾਰ ਹਾਰ ਪਹਿਨਦਾ

ਉਹ ਜਿਉਂਦੇ ਆਦਮੀ ਨੂੰ ਕ਼ੈਦ ਕਰਦਾ ਹੈ

ਤੇ ਕਈ ਵਾਰ ਮਿਲਦਾ ਉਹ

ਸੁਪਨੇ ਦੀ ਦਹਿਲੀਜ਼ ਹੁੰਦਾ ਹੈ

ਜੋ ਤਹਾਨੂੰ ਆਪਣੇ ਚੋਂ

ਬਾਹਰ ਨਹੀਂ ਆਉਣ ਦਿੰਦਾ

...................

ਤੁਸੀਂ ਵਾਪਸ ਪਰਤਦੇ ਹੋ

ਉਸ ਦੁਆਲੇ ਭੀੜ ਕਰਦੇ ਹੋ

ਅਤੇ ਉਸਚੋਂ ਜੋ ਨੋਚਣਾ ਚਾਹੁੰਦੇ ਹੋ

ਉਸਦਾ ਤਾਂ ਮੈਂ

ਅਨੁਵਾਦ ਕਰ ਚੁੱਕਾਂ

ਉਸਦੇ ਅੰਦਰ ਡੁੱਬਕੇ

ਪਰ- ਇਹ ਸਫ਼ਲ ਹੋ ਗਿਐ

ਜੋ ਤਹਾਨੂੰ ਨਹੀਂ

ਮੈਨੂੰ ਜਚਿਆ ਹੈ!


3 comments:

harvinder said...

darvesh ji di likhat kafi salaan baad paddhi..sade shehar da maan ne.. sapra ji de darshan kitee..shukriya..jionde siraan waale punjabiaan nu tuhade te vi maan hai..vasde raho.. HARVINDER

Unknown said...

ਇਹ ਲਾਇਨਾ ਬਹੁਤ ਕਮਾਲ ਹਨ,ਬਿਲਕੁਲ ਨਿਵੇਕਲੀਆਂ ਤੇ ਤਾਜੀਆਂ :
ਜਦੋਂ ਕੜਕੜਾ ਸਮੀਖਿਅਕ ਹੁੰਦਾ ਹੈ
ਤਾਂ ਦੁਸ਼ਮਣੀ ਭੋਗਣ ਲਈ
ਅਹਿਸਾਸ
ਉਹਦੇ ਕਰਜ਼ਦਾਰ ਹੁੰਦੇ ਹਨ
ਜਦੋਂ ਉਹ
ਦੁਸ਼ਮਣਾਂ ਦੇ ਸਿਰ ਔੜ ਬੀਜਦਾ ਹੈ
ਤਾਂ ਮੈਂ
ਬੱਦਲਾਂ ਵਰਗੀ ਨਜ਼ਮ ਲਿਖਦਾ ਹਾਂ

सुभाष नीरव said...

दरवेश जी का लिखा यह बहुत खूबसूरत काव्य चित्र है। यह दरवेश जी की कलात्मक ऊँचाई को भी दर्शाता है। कविता पाठक की उंगली आरंभ से अन्त तक थामे रखती है और उसे अपने से अलग नहीं होने देती। इसे मैं कविता की बहुत बड़ी खूबी मानता हूँ। पूरी कविता में सपरा जी जीवन्त हो उठे हैं। बधाई !