ਸਿਖਰ ਦੁਪਹਿਰੇ ਸੂਰਜ ਢਲ਼ਿਆ ਢਲ਼ਿਆ ਹੈ।
ਰਾਤਾਂ ਨੂੰ ਇਹ ਚੰਨ ਕਿਉਂ ਬਲ਼ਿਆ ਬਲ਼ਿਆ ਹੈ।
-----
ਪੈਰ ਧਰਨ ਲਈ ਨਿੱਗਰ ਥਾਂ ਨੂੰ ਲੱਭਦਾ ਸੀ,
ਏਥੇ ਹਰ ਇਕ ਪੱਥਰ ਗਲ਼ਿਆ ਗਲ਼ਿਆ ਹੈ।
-----
ਸਭ ਨੂੰ ਇਕੋ ਜਿੰਨਾ ਪਾਣੀ ਪਾਇਆ ਸੀ,
ਝੂਠ ਦਾ ਬੂਟਾ ਸਭ ਤੋਂ ਜ਼ਿਆਦਾ ਫਲ਼ਿਆ ਹੈ।
-----
ਸਾਰੀ ਉਮਰ ਹੀ ਲੁਕਣ ਮਚਾਈ ਖੇਡੇ ਹਾਂ,
ਵਕ਼ਤ ਦਾ ਘੋੜਾ ਕਦੋਂ ਕਿਸੇ ਤੋਂ ਟਲ਼ਿਆ ਹੈ।
-----
ਜਦੋਂ ਕਦੇ ਵੀ ਨਿੱਘ ਲਈ ਧੂਣਾ ਲਾਇਆ ਹੈ,
ਸਭ ਤੋਂ ਪਹਿਲਾਂ ਆਪਣਾ ਹੱਥ ਹੀ ਜਲ਼ਿਆ ਹੈ।
-----
ਸੁੱਖਾਂ ਦੇ ਲਈ ਭੱਜੇ ਨੱਸੇ ਫਿਰਦੇ ਨੂੰ,
ਦੁੱਖਾਂ ਨੇ ਇਹ ਬੰਦਾ ਕਿੱਦਾਂ ਮਲ਼ਿਆ ਹੈ।
-----
ਇਕ ਨੂੰ ਰੌਨੈਂ ਥਾਂ ਥਾਂ ਕੌਡੇ ਰਾਖਸ਼ ਨੇ,
ਜਿਊਂਦੇ ਜੀ ਹੀ ਬੰਦਾ ਤਲ਼ਿਆ ਤਲ਼ਿਆ ਹੈ।
-----
ਸੱਚ ਜਾਣ ਕੇ ਦੁਖੀ ਸੁਖੀ ਨਾ ਹੋਇਆ ਕਰ,
ਸੱਚ ਦੇ ਵਿਚ ਵੀ ਝੂਠ ਬਥੇਰਾ ਰਲ਼ਿਆ ਹੈ।
No comments:
Post a Comment