ਨਜ਼ਮ
ਪਾਣੀ ਤੇ ਪਈ ਲੀਕ ਵਾਂਗ
ਆਈ ਹਰ ਸਵੇਰ
ਰੇਤ ਤੇ ਲਿਖੇ
ਅੱਖਰਾਂ ਵਰਗੇ
ਹੁੰਦੇ ਰਹੇ ਨੇ ਦਿਨ
ਸ਼ਾਮ ਹੁੰਦਿਆਂ ਹੀ
ਹਨੇਰੇ ‘ਚ
ਸਿਮਟ ਜਾਂਦੇ ਨੇ ਰੰਗ
ਜ਼ਿੰਦਗੀ ਹਰ ਸਮਾਂ
ਸ਼ਿਕਸਤ-ਰੰਗ ਹੁੰਦੀ ਏ !
.............
ਬੁਝੇ ਹੋਏ ਦੀਵੇ ਦੀ ਤਰ੍ਹਾਂ
ਖੰਡਰਾਂ ‘ਚ
ਮਲਬੇ ਦੇ ਢੇਰ ਹੇਠਾਂ
ਦੱਬੇ ਰਹੇ ਪੜਾਅ
ਧੋ ਹੋਏ ਨਾ ਸਰਾਪ
ਅਨੇਕਾਂ ਮੌਸਮ
ਬਰਸਾਤ ਦੇ ਵੀ ਆਏ !
.........
ਕੂਲੀ ਰਿਸ਼ਮ ਵਰਗਾ
ਜੋ ਪਲ ਸੀ ਮਿਲਿਆ
ਤਪਦੇ ਸੂਰਜ ਵਾਂਗ
ਮੱਥੇ ‘ਚ ਧੁਖਦਾ ਰਿਹੈ
ਸਾਰੀ ਉਮਰ
ਜਿਹਦੇ ਤਾਪ ਨਾਲ
ਵਿਹੜਾ ਭੁੱਜਦਾ ਰਿਹੈ !
...........
ਦਿਸ਼ਾ ਬਦਲੇ
ਸਮਾਂ ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮਨੋਸਥਲ ‘ਤੇ
ਹਰ ਦਮ
ਸੋਚਾਂ ਦਾ
ਯੁੱਧ ਚਲਦਾ ਰਿਹੈ !
.................
ਸੁਣਦੇ ਸੀ
ਪਲਾਂ ਛਿਣਾਂ ਦੀ ਹੈ ਜ਼ਿੰਦਗੀ
ਚਲਦੇ ਚਲਦੇ ਹੰਭ ਗਈ
ਮਿਲਿਆ ਨਾ ਉਹ ਮੁਕਾਮ
ਸੋਚਾਂ ਨੂੰ ਜਿਥੇ ਰਾਹਤ ਮਿਲਦੀ !
...........
ਆਪਣੇ ਹੀ ਅੰਦਰ
ਕੈਦ ਹਾਂ ਧੁਰ ਤੋਂ
ਇਸ ਕੈਦ ਦੀ
ਕੋਈ ਬਾਰੀ
ਬਾਹਰ ਨਹੀਂ ਖੁੱਲ੍ਹਦੀ
ਕੋਈ ਨਵਾਂ ਸੂਰਜ
ਕੋਈ ਨਵਾਂ ਚਾਨਣ
ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
..........
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ !!
No comments:
Post a Comment