
ਅਜੋਕਾ ਨਿਵਾਸ: ਫਗਵਾੜਾ, ਪੰਜਾਬ, ਇੰਡੀਆ
ਕਿਤਾਬਾਂ: ਗ਼ਜ਼ਲ-ਸੰਗ੍ਰਹਿ ‘ਮੇਰੇ ਤੁਰ ਜਾਣ ਦੇ ਮਗਰੋਂ’ ਪ੍ਰਕਾਸ਼ਿਤ ਹੋ ਚੁੱਕਾ ਹੈ।
-----
ਆਰਿਫ਼ ਗੋਬਿੰਦਪੁਰੀ ਨੇ 1977 ਵਿਚ ਉਲਫ਼ਤ ਬਾਜਵਾ ਹੋਰਾਂ ਨੂੰ ਉਸਤਾਦ ਧਾਰਿਆ। ਦੂਸਰੇ ਲਫ਼ਜ਼ਾਂ ਵਿਚ ਉਹ ਉਲਫ਼ਤ ਬਾਜਵਾ ਹੋਰਾਂ ਦੇ ਸਭ ਤੋਂ ਪੁਰਾਣੇ ਸ਼ਾਗਿਰਦ ਹਨ। ਆਰਿਫ਼ ਹੋਰਾਂ ਦੀ ਕਾਬਲੀਅਤ ਦੇ ਮੱਦੇ ਨਜ਼ਰ, ਉਲਫ਼ਤ ਬਾਜਵਾ ਹੋਰਾਂ ਨੇ ਆਪਣੇ ਜਿਊਂਦੇ ਜੀ ਹੀ ਉਹਨਾਂ ਨੂੰ ਆਪਣਾ ਜਾਂ-ਨਸ਼ੀਨ ਥਾਪ ਦਿੱਤਾ। ਜਨਾਬ ਉਲਫ਼ਤ ਬਾਜਵਾ ਹੋਰਾਂ ਦੇ ਉਸਤਾਦ ਜਨਾਬ ਬਚਿੰਤ ਰਾਮ ‘ਐਸ਼’ ਕਰਨਾਲਵੀ ਸਨ। ਐਸ਼ ਸਾਹਿਬ ਜਨਾਬ ਚਾਨਣ ਗੋਬਿੰਦਪੁਰੀ ਹੋਰਾਂ ਤੋਂ ਇਸਲਾਹ ਲਿਆ ਕਰਦੇ ਸਨ। ਚਾਨਣ ਗੋਬਿੰਦਪੁਰੀ ਸਾਹਿਬ ਦੇ ਉਸਤਾਦ ਜਨਾਬ ਜੋਸ਼ ਮਲਸੀਆਨੀ ਸਨ। ਜੋਸ਼ ਮਲਸੀਆਨੀ ਹੋਰਾਂ ਦੇ ਉਸਤਾਦ ਉਰਦੂ ਸ਼ਾਇਰੀ ਦੇ ਥੰਮ ਦਾਗ਼ ਦਿਹਲਵੀ ਸਨ।(ਨਵਾਬ ਮਿਰਜ਼ਾ ਖ਼ਾਨ ਦਾਗ਼ ਦਿਹਲਵੀ (1831-1905) ਸ਼ੇਖ਼ ਮੁਹੰਮਦ ਇਬਰਾਹੀਮ ਜ਼ੌਕ ਦੇ ਸ਼ਾਗਿਰਦ ਸਨ।) ਇੰਝ ਆਰਿਫ਼ ਗੋਬਿੰਦਪੁਰੀ ਦਾ ਘਰਾਣਾ ਦਾਗ਼ ਦਿਹਲਵੀ ਨਾਲ ਜਾ ਜੁੜਦਾ ਹੈ। ਦਾਗ਼ ਸਕੂਲ ਦੀਆਂ ਖ਼ੂਬੀਆਂ ਦੀ ਨਿਸ਼ਾਨਦੇਹੀ ਆਰਿਫ਼ ਗੋਬਿੰਦਪੁਰੀ ਦੀਆਂ ਗ਼ਜ਼ਲਾਂ ਵਿਚ ਬਾਖ਼ੂਬੀ ਹੋ ਜਾਂਦੀ ਹੈ। ਡਾ. ਜਗਤਾਰ ਦੇ ਸ਼ਬਦਾਂ ਵਿਚ-‘ਆਰਿਫ਼ ਦੀਆਂ ਗ਼ਜ਼ਲਾਂ ਦੀ ਮੁਹਾਵਰਾ ਆਰਾਈ, ਗ਼ਜ਼ਲ ਦੀ ਸਲਾਸਤ, ਸ਼ਬਦਾਂ ਦਾ ਰੱਖ ਰਖਾਓ, ਉਸਨੂੰ ‘ਦਾਗ਼ ਸਕੂਲ’ ਨਾਲ ਜਾ ਜੋੜਦੇ ਹਨ। ... ਉਸਨੇ ਆਪਣੀ ਗ਼ਜ਼ਲ ਵਿਚ ਹਰ ਸ਼ਬਦ, ਉਸਦੀ ਸਹੀ ਤੇ ਅਸਲੀ ਸੂਰਤ ਵਿਚ ਬੀੜਿਆ ਹੈ, ਕਿਤੇ ਝੋਲ ਨਹੀਂ, ਲੰਗੜਾਪਨ ਨਹੀਂ।’
----
ਆਰਿਫ਼ ਗੋਬਿੰਦਪੁਰੀ ਦਾ ਹੁਣ ਤੱਕ ਇੱਕੋ ਇੱਕ ਗ਼ਜ਼ਲ-ਸੰਗ੍ਰਹਿ ‘ਮੇਰੇ ਤੁਰ ਜਾਣ ਦੇ ਮਗਰੋਂ’ ਪ੍ਰਕਾਸ਼ਿਤ ਹੋਇਆ ਹੈ। ਉਸਨੇ ਉਰਦੂ ਵਿਚ ਵੀ ਕੁਝ ਗ਼ਜ਼ਲਾਂ ਕਹੀਆਂ ਹਨ। ਇਹਨੀਂ ਦਿਨੀਂ ਉਹ ‘ਦਾਗ਼ ਸਕੂਲ’ ਦਾ ਇਤਿਹਾਸ ਪੇਸ਼ ਕਰਦੀ ਪੁਸਤਕ ਲਿਖਣ ਵਿਚ ਮਸਰੂਫ਼ ਹਨ। ਆਪਣੇ ਗੁਰਭਾਈ ਅਤੇ ਉਲਫ਼ਤ ਬਾਜਵਾ ਹੋਰਾਂ ਦੀ ਮੌਤ ਤੋਂ ਬਾਦ ਉਸਤਾਦ ਦਾ ਰੁਤਬਾ ਰੱਖਦੇ ਹੋਏ ਆਰਿਫ਼ ਗੋਬਿੰਦਪੁਰੀ ਹੋਰਾਂ ਨੂੰ ਪੇਸ਼ ਕਰਦੇ ਹੋਏ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।
ਸੁਰਿੰਦਰ ਸੋਹਲ
ਯੂ.ਐੱਸ.ਏ.
****************
ਦੋਸਤੋ! ਅੱਜ ਸੁਰਿੰਦਰ ਸੋਹਲ ਜੀ ਨੇ ਆਰਿਫ਼ ਗੋਬਿੰਦਪੁਰੀ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਰਚਨਾਵਾਂ ਭੇਜੀਆਂ ਹਨ, ਜਿਨ੍ਹਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ ਅਤੇ ਗੋਬਿੰਦਪੁਰੀ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨਾਂ ਵੱਲੋਂ ਅਦਬੀ ਮਹਿਫ਼ਿਲ 'ਚ ਸ਼ਿਰਕਤ ਕਰਨ ਤੇ ਖ਼ੁਸ਼ਆਮਦੀਦ।
ਅਦਬ ਸਹਿਤ
ਤਨਦੀਪ ‘ਤਮੰਨਾ’
***************
ਗਜ਼ਲ
ਮੇਰਾ ਦਿਲਦਾਰ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
ਕਰਾਰ ਅਪਣਾ ਨਿਭਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਸਤਾਉਂਦਾ ਹੈ, ਰੁਆਉਂਦਾ ਹੈ, ਜੋ ਖ਼ੁਸ਼ ਹੈ ਰੋਣ ’ਤੇ ਮੇਰੇ,
ਉਹ ਰੋ ਰੋ ਕੇ ਵਿਖਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਜੋ ਦਿਲ ਵਿਚ ਘਰ ਕਰੀ ਬੈਠੈ, ਉਹਦਾ ਗ਼ਮ ਖਾ ਰਿਹਾ ਮੈਨੂੰ,
ਉਹ ਕਿੱਥੇ ਘਰ ਬਣਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਕਰਾਰ ਆਉਣਾ ਨਹੀਂ ਦਿਲ ਨੂੰ ਬਦਨ ਵਿਚ ਕੈਦ ਹੈ ਜਦ ਤੱਕ,
ਕਰਾਰ ਇਸ ਨੂੰ ਵੀ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਲਹੂ ਪੀਂਦਾ ਰਿਹਾ ਮੇਰਾ ਜੋ ਬਣ ਕੇ ਗ਼ੈਰ ਦਾ ਹਮਦਮ,
ਮੇਰਾ ਬਣ ਕੇ ਵਿਖਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
------
ਕੋਈ ਨਹੀਂ ਪੁੱਛਦਾ ਹੁਣ ਤਾਂ ਬਟਾਲੇ ਰੋਜ਼ ਜਾਂਦਾ ਹਾਂ,
ਕੋਈ ਬਦਲੀ ਕਰਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਜ਼ਮਾਨਾ ਹੈ ਜਦੋਂ ਪੱਥਰ ਤਾਂ ਫਿਰ ਕਿਉਂ ਆਸ ਹੈ ਮੈਨੂੰ,
ਕਿ ਇਹ ਆਂਸੂ ਵਹਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਅਜੇ ਤਾਂ ਕ਼ਤਲ ਕਰਨੇ ਦਾ ਬਹਾਨਾ ਢੂੰਡਦਾ ਹੈ ਉਹ,
ਮੇਰੀ ਬਰਸੀ ਮਨਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
-----
ਸੁਲਘਦੇ ਨੇ ਰਕੀਬ ਅਪਣੇ ਇਹ ਮੈਨੂੰ ਜਰ ਨਹੀਂ ਸਕਦੇ,
ਇਹਨਾਂ ਨੂੰ ਚੈਨ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਜਿਨ੍ਹਾਂ ਦੀ ਬੇਰੁਖ਼ੀ ਨੇ ਜਾਨ ਮੇਰੀ ਲੈ ਲਈ ‘ਆਰਿਫ਼’,
ਉਹਨਾਂ ਨੂੰ ਪਿਆਰ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
======
ਮੁਰਸ਼ਦਨਾਮਾ
ਵਕਤ ਦੀ ਰੂਦਾਦ ਉਲਫ਼ਤ ਬਾਜਵਾ।
ਹੈ ਖ਼ੁਦਾਈ ਨਾਦ ਉਲਫ਼ਤ ਬਾਜਵਾ।
----
ਉਸ ਤੋਂ ਮੈਂ ਦਿਲ ਜਾਨ ਕਰ ਦੇਵਾਂ ਨਿਸਾਰ,
ਜਿਸ ਦੀ ਹੈ ਔਲਾਦ ਉਲਫ਼ਤ ਬਾਜਵਾ।
----
ਇਹ ਹੈ ਗ਼ਾਲਿਬ ਵਾਂਗ ਸ਼ਾਇਰ ਬੇਮਿਸਾਲ,
ਹੈ ਖ਼ੁਦਾਈ ਦਾਦ ਉਲਫ਼ਤ ਬਾਜਵਾ।
-----
ਦਿਲ ਮੇਰਾ ਮਿਲਣੇ ਨੂੰ ਉੱਠ ਉੱਠ ਦੌੜਦਾ,
ਜਦ ਵੀ ਆਵੇ ਯਾਦ ਉਲਫ਼ਤ ਬਾਜਵਾ।
-----
ਦੋਸਤੀ ਇਸਦੀ ਦਾ ਦਾਇਰਾ ਹੈ ਵਸੀਹ,
ਨਿਹੁੰ ’ਚ ਹੈ ਆਬਾਦ ਉਲਫ਼ਤ ਬਾਜਵਾ।
----
ਇਹ ਸੁਭਾਅ ਦਾ ਮੋਮ ਹੈ ਪਰ ਜੇ ਅੜੇ,
ਫੇਰ ਹੈ ਫੌਲਾਦ ਉਲਫ਼ਤ ਬਾਜਵਾ।
----
ਯਾਰ ਸਭ ਇਸ ਨੂੰ ਮਿਲੇ ਮੌਕਾ-ਸ਼ਨਾਸ,
ਫੇਰ ਵੀ ਹੈ ਸ਼ਾਦ ਉਲਫ਼ਤ ਬਾਜਵਾ।
----
ਹਿਜਰ ਵਿਚ ਤੇ ਯਾਦ ਵਿਚ ਮਹਿਬੂਬ ਦੀ,
ਕੈਦ ਹੈ ਆਜ਼ਾਦ ਉਲਫ਼ਤ ਬਾਜਵਾ।
-----
ਦਿਲ ਇਦ੍ਹਾ ਦਰਦਾਂ ਦਾ ਸਾਗਰ ਹੈ ਅਸੀਮ,
ਫਿਰ ਵੀ ਹੈ ਦਿਲ-ਸ਼ਾਦ ਉਲਫ਼ਤ ਬਾਜਵਾ।
-----
ਮਹਿਲ ਉਸਰੇਗਾ ਗ਼ਜ਼ਲ ਦਾ ਜੇਸ ’ਤੇ,
ਉਸਦੀ ਹੈ ਬੁਨਿਆਦ ਉਲਫ਼ਤ ਬਾਜਵਾ।
-----
ਮੈਂ ਤਾਂ ਉਲਫ਼ਤ ਬਾਜਵੇ ਦਾ ਹਾਂ ਮੁਰੀਦ,
ਹੈ ਮੇਰਾ ਉਸਤਾਦ ਉਲਫ਼ਤ ਬਾਜਵਾ।
-----
ਹਰ ਖ਼ੁਸ਼ੀ ਹਰ ਗ਼ਮ ’ਚ ‘ਆਰਿਫ਼’ ਹਰ ਸਮੇਂ,
ਰੱਬ ਨੂੰ ਰੱਖਦੈ ਯਾਦ ਉਲਫ਼ਤ ਬਾਜਵਾ।
1 comment:
aarif sahab di kalam nu salam.
Post a Comment