ਔਖਾ ਏ ਵਿਛੋੜਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ ।
ਜਿੱਧਰ ਵੀ ਨਜ਼ਰ ਕੀਤੀ, ਓਧਰ ਹੀ ਧਰੀ ਮੁਸ਼ਕਿਲ ।
-----
ਹਰ ਗੱਲ ਦੀ ਸਹੂਲਤ ਸੂ, ਦੇ ਰੱਖੀ ਸ਼ਰੀਕਾਂ ਨੂੰ ।
ਸੋਚਣ ਦੀ ਮਿਰੇ ਬਾਰੇ, ਹਾਮੀ ਵੀ ਭਰੀ ਮੁਸ਼ਕਿਲ ।
-----
ਉਹ ਮਿਲ ਕੇ ਕਦੋਂ ਬੈਠਾ, ਉਹ ਰਲ਼ ਕੇ ਕਦੋਂ ਟੁਰਿਆ ।
ਜਿਸ ਕਹਿ ਤਾਂ ਲਈ ਸੌਖੀ, ਪਰ ਸੁਣ ਕੇ ਜਰੀ ਮੁਸ਼ਕਿਲ ।
-----
ਦੁਸ਼ਮਣ ਵੀ ਨਾ ਫਸ ਜਾਵੇ, ਜ਼ੁਲਫਾਂ ਦੇ ਸ਼ਿਕੰਜੇ ਵਿਚ ।
ਇਸ ਫਾਹੀ ’ਚ ਜੋ ਫਸਿਆ, ਹੋਵੇਗਾ ਬਰੀ ਮੁਸ਼ਕਿਲ ।
-----
ਖਿੱਚ ਧੂ ਕੇ ਲਿਆਂਦਾ ਏ, ਜ਼ਿੰਦਗੀ ਨੂੰ ਅਜ਼ਲ ਤੀਕਰ ।
ਚਲ ਤਰ ਤੇ ਗਈ ਬੇੜੀ, ਮੰਨਿਆਂ ਕਿ ਤਰੀ ਮੁਸ਼ਕਿਲ ।
-----
ਭੁੱਲ ਕੇ ਵੀ ਹਵਸ ਉੱਤੇ, ਠੱਗਿਆ ਨ ਦਿਲਾ ਜਾਵੀਂ ।
ਜੜ੍ਹ ਚੱਟੀ ਹੋਈ ਇਹਦੀ, ਹੁੰਦੀ ਏ ਹਰੀ ਮੁਸ਼ਕਿਲ ।
-----
ਦਮ ਗਿਣਵੇਂ ‘ਯੁਮਨ’ ਰਹਿ ਗਏ, ਔਖੀ ਏ ਦਵਾ ਫੁਰਨੀ ।
ਬਸ ਚਾਰਾ ਗਰੋ ਜਾਵੋ, ਹੁਣ ਚਾਰਾ ਗਰੀ ਮੁਸ਼ਕਿਲ ।
No comments:
Post a Comment