ਹੋਵੇ ਰਹਿਮਤ ਜਦੋਂ ਤੇਰੀ ਤਾਂ ਤੇਰਾ ਹੀ ਸੁਖ਼ਨ ਜਾਗੇ।
ਚਮਕ ਹੈ ਜਿਸ ਦੀ ਹਰ ਪਾਸੇ, ਨਜ਼ਰ ਵਿਚ ਉਹ ਕਿਰਨ ਜਾਗੇ ।
-----
ਇਹ ਤੇਰੇ ਪਿਆਰ ਦੀ ਰਿਮਝਿਮ ਜਦੋਂ ਸੀਰਤ ਨੂੰ ਛੂਹ ਜਾਏ,
ਤਾਂ ਮੇਰੇ ਦਿਲ ਚੋਂ ਚੇਤਰ ਦੇ ਗੁਲਾਬ ਜਿਹਾ ਸਪਨ ਜਾਗੇ ।
-----
ਮੁਹੱਬਤ ਨਾਮ ਹੈ ਤੇਰਾ, ਮੁਹੱਬਤ ਹੀ ਤਿਰੀ ਦੌਲਤ,
ਇਹ ਜਦ ਅਹਿਸਾਸ ਹੁੰਦੈ ਤਾਂ ਇਬਾਦਤ ਦੀ ਲਗਨ ਜਾਗੇ।
-----
ਘਟਾ ਸਾਵਣ ਦੀ ਜਦ ਛੇੜੇ ਫ਼ਜ਼ਾ ਵਿਚ ਤਾਰ ਇਸ਼ਕੇ ਦੀ,
ਤਾਂ ਮੇਰੀ ਰੂਹ ਦੇ ਕਾਬ੍ਹੇ ‘ਚ ਬਿਰਹੋਂ ਦੀ ਚੁਭਨ ਜਾਗੇ ।
------
ਅਜਬ ਰੰਗਾਂ ‘ਚ ਸਾਜੀ ਹੈ ਇਹ ਦੁਨੀਆ ਜੋ ਨਜ਼ਰ ਆਉਂਦੀ
ਕਿਤੇ ਪੱਥਰ ਚੋਂ ਤੇ ਕਿਧਰੇ ਸਮੁੰਦਰ ਵਿਚ ਅਗਨ ਜਾਗੇ।
-----
ਸਹਿਰ ਤੋਂ ਸ਼ਾਮ ਤਕ ਕਰਕੇ ਸਫ਼ਰ ਸੌਂ ਜਾਏ ਜਦ ਸੂਰਜ,
ਤਾਂ ਦਿਲਬਰ ਦੀ ਸਿਫ਼ਤ ਵਿਚ ਤਾਰਿਆਂ ਭਰਿਆ ਗਗਨ ਜਾਗੇ।
------
ਫ਼ਸਾਨਾ ਇਸ਼ਕ ਦਾ ਜਦ ਅਸ਼ਕ ਬਣਕੇ ਵਹਿ ਤੁਰੇ ‘ਦਰਸ਼ਨ’,
ਕਿਸੇ ਸ਼ਾਇਰ ਦੇ ਦਿਲ ਚੋਂ ਫਿਰ ਮਧੁਰ ਜੇਹਾ ਸੁਖ਼ਨ ਜਾਗੇ।
1 comment:
Ghazal di rawaani te vichaar bahut vadhiya han. Sukhdarshan ji bahut achha...
Post a Comment