ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, September 7, 2009

ਨਰਿੰਦਰ ਮਾਨਵ - ਗ਼ਜ਼ਲ

ਸਾਹਿਤਕ ਨਾਮ: ਨਰਿੰਦਰ ਮਾਨਵ
ਜਨਮ: 1953 ਧੂਰੀ, ਜ਼ਿਲਾ: ਸੰਗਰੂਰ (ਪੰਜਾਬ)

ਅਜੋਕਾ ਨਿਵਾਸ: ਜਲੰਧਰ, ਪੰਜਾਬ (ਇੰਡੀਆ)

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਕਿਰਮਚੀ ਸ਼ੋਅਲੇ ( 1992), ਇਬਾਦਤ (2004) ਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਤੀਜਾ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਨ ਅਧੀਨ ਹੈ।

-----

ਦੋਸਤੋ! ਅੱਜ ਨਰਿੰਦਰ ਮਾਨਵ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਗ਼ਜ਼ਲਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸੁਰਿੰਦਰ ਸੋਹਲ ਸਾਹਿਬ ਵੀ ਦਾ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਮਾਨਵ ਜੀ ਦੀ ਫੋਟੋ ਆਰਸੀ ਲਈ ਭੇਜੀ ਹੈ।

ਅਦਬ ਸਹਿਤ

ਤਨਦੀਪ ਤਮੰਨਾ

**********

ਗ਼ਜ਼ਲ

ਹਕੂਮਤ ਦਨਦਨਾਏਗੀ, ਜਦੋਂ ਤਕ ਲੋਕ ਸੁੱਤੇ ਨੇ

ਸਿਤਮ ਕਹਿਰਾਂ ਦੇ ਢਾਏਗੀ ਜਦੋਂ ਤਕ ਲੋਕ ਸੁੱਤੇ ਨੇ

-----

ਘਟਾ ਚੜ੍ਹ ਚੜ੍ਹ ਕੇ ਆਏਗੀ, ਜਦੋਂ ਤਕ ਲੋਕ ਸੁੱਤੇ ਨੇ

ਅਮਾਵਸ ਮੁਸਕਰਾਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਬਹਾਰਾਂ ਨੇ ਵੀ ਲੁੱਟਣਾ ਹੈ, ਖ਼ਿਜ਼ਾਵਾਂ ਨੇ ਵੀ ਲੁੱਟਣਾ ਹੈ,

ਕਿਆਮਤ ਰੋਜ਼ ਆਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਦਿਲਾਂ ਨੂੰ ਅੱਗ ਲਾਏਗੀ, ਚਿਰਾਗ਼ਾਂ ਨੂੰ ਬੁਝਾਏਗੀ ,

ਹਨੇਰੀ ਚੜ੍ਹ ਕੇ ਆਏਗੀ , ਜਦੋਂ ਤਕ ਲੋਕ ਸੂੱਤੇ ਨੇ

-----

ਰੁਲਾਏਗੀ , ਸਤਾਏਗੀ, ਸਿਆਸਤ ਮੁਸਕਰਾਏਗੀ,

ਨਵੇਂ ਹੀ ਗੁਲ ਖਿਲਾਏਗੀ , ਜਦੋਂ ਤਕ ਲੋਕ ਸੁੱਤੇ ਨੇ

-----

ਕੋਈ ਪਰਦਾ ਨਹੀਂ ਰਹਿਣਾ,ਕੋਈ ਰਿਸ਼ਤਾ ਨਹੀਂ ਰਹਿਣਾ,

ਵਿਰਾਸਤ ਲੁੱਟੀ ਜਾਏਗੀ , ਜਦੋਂ ਤਕ ਲੋਕ ਸੁੱਤੇ ਨੇ

-----

ਨਹੱਕੇ ਮਰਦੇ ਰਹਿਣੇ ਨੇ, ਕਿਸੇ ਨੂੰ ਹੱਕ ਨਹੀਂ ਮਿਲਣਾ ,

ਖ਼ੁਸ਼ਾਮਦ ਖੋਹ ਕੇ ਖਾਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਸਮਗਲਿੰਗ ਚੋਰ ਬਾਜ਼ਾਰੀ, ਕਿਤੇ ਰਿਸ਼ਵਤ ਦੀ ਸਰਦਾਰੀ,

ਦਿਨੇ ਹੀ ਲੁੱਟ ਪਾਏਗੀ, ਜਦੋਂ ਤਕ ਲੋਕ ਸੁੱਤੇ ਨੇ

-----

ਬੁਰੀ ਹੈ ਜੂਨ ਮਾਨਵਦੀ ਕਿਸੇ ਨੂੰ ਦੇਈਂ ਨਾ ਰੱਬਾ,

ਮਨੁੱਖਤਾ ਵੈਣ ਪਾਏਗੀ , ਜਦੋਂ ਤਕ ਲੋਕ ਸੁੱਤੇ ਨੇ

=======

ਗ਼ਜ਼ਲ

ਚਾਹਤ ਹੈ ਜੰਜ਼ੀਰ ਨਹੀਂ ਹੈ

ਪਿਆਰ ਕੋਈ ਜਾਗੀਰ ਨਹੀਂ ਹੈ

-----

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,

ਪਿਆਰ ਦੀ ਕੋਈ ਆਖ਼ੀਰ ਨਹੀਂ ਹੈ

-----

ਸਾਰੇ ਸੁਪਨੇ, ਸੱਚ ਹੋ ਜਾਵਣ,

ਏਦਾਂ ਦੀ ਤਕਦੀਰ ਨਹੀਂ ਹੈ

-----

ਰੰਗ ਭਰੇ ਸਨ ਜਿਸ ਵਿਚ ਆਪਾਂ,

ਇਹ ਤਾਂ, ਉਹ ਤਸਵੀਰ ਨਹੀਂ ਹੈ

-----

ਮੌਸਿਮ ਬਦਲੇ ਦੁਨੀਆ ਬਦਲੀ,

ਬਦਲੀ ਪਰ ਤਕਦੀਰ ਨਹੀਂ ਹੈ

-----

ਓਦੋਂ ਸ਼ੋਖ਼ ਬਲਾਵਾਂ ਪਈਆਂ,

ਤਰਕਸ਼ ਵਿਚ ਜਦ ਤੀਰ ਨਹੀਂ ਹੈ

-----

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,

ਮਨ ਵਰਗਾ ਕੋਈ ਪੀਰ ਨਹੀਂ ਹੈ

-----

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ,

ਤਨ ਤੇ ਕੋਈ ਲੀਰ ਨਹੀਂ ਹੈ

-----

ਵੇਖਣ ਨੂੰ ਹੀ ਲਗਦੈ 'ਮਾਨਵ',

ਮਾਨਵ ਦੀ ਤਾਸੀਰ ਨਹੀਂ ਹੈ



1 comment:

Davinder Punia said...

changgiaan ghazlaan........!parhke khushi hoi. hun kade ustad Mahinder Manav sahib diaan ghazlaan vi pesh karo.