ਧੀਆਂ
ਨਜ਼ਮ
ਉਹ ਧੀ ਬਣ ਕੇ ਆਈ
ਤੇ ਚਲੀ ਗਈ
ਬਸ ਹੁਣ ਸੋਚੀ ਜਾ ਰਿਹਾਂ
ਕਿ---
ਧੀਆਂ ਕਿਉਂ ਚਲੀਆਂ ਜਾਂਦੀਆਂ ਹਨ?
ਪੌਣਾਂ ਕਿਉਂ ਓਪਰੀਆਂ ਵਗਣ ਲਗਦੀਆਂ ਹਨ?
ਕਿਉਂ ਮਹਿਕਾਂ ਨੂੰ ਉਧਾਲ ਲੈ ਜਾਂਦੀਆਂ ਹਨ?
ਬਾਬਲ ਦੇ ਬਾਗਾਂ ਤੋਂ ਦੂਰ
ਓਪਰੇ ਬਾਗਾਂ ਦੀ ਖਾਤਰ।
...............
ਕਿਉਂ ਨਹੀਂ ਅੜੀ ਕਰਦੀਆਂ ਮਹਿਕਾਂ
ਕਿਉਂ ਨਹੀਂ ਵੰਗਾਰਦੀਆਂ
ਓਪਰੀਆਂ ਪੌਣਾਂ ਨੂੰ?
ਕਿਉਂ ਨਹੀਂ ਮੰਗਦੀਆਂ
ਆਪਣੇ ਹਿੱਸੇ ਦੀ
ਬਾਬਲ ਦੇ ਵਿਹੜੇ ਦੀ ਖ਼ੁਸ਼ਬੋ?
ਕਿਉਂ ਨਹੀਂ ਚੜ੍ਹਦੀਆਂ ਜੰਞੇ?
ਕਿਉਂ ਨਹੀਂ ਬੰਨ੍ਹਦੀਆਂ ਸਿਹਰੇ?
ਕਿਉਂ ਨਹੀਂ ਬਦਲਦੀਆਂ ਰੋਲ?
ਕਿਉਂ ਨਹੀਂ ਲਲਕਾਰਦੀਆਂ
ਸ਼ਗਨਾਂ ਦੇ ਗੀਤਾਂ ਨੂੰ?
ਕਿਉਂ ਨਹੀਂ ਵੰਗਾਰਦੀਆਂ
ਮਾਂ ਦੀ ਚੁੱਪ ਕਰਕੇ ਤੁਰ ਜਾਣ ਦੀ ਅਸੀਸ ਨੂੰ?
ਕਿਉਂ ਨਹੀਂ ਮੰਗਦੀਆਂ
ਵੀਰੇ ਤੋਂ ਰੱਖੜੀ ਦਾ ਆਪਣਾ ਹੱਕ?
............
ਪਰ---
ਰੁਮਕਦੀਆਂ ਪੌਣਾਂ ਨੇ
ਸੀਤ ਬੁੱਲਿਆਂ ਨੇ
ਸਕੂਨ ਹੀ ਦੇਣਾ ਹੁੰਦਾ ਹੈ।
ਕਿਵੇਂ ਹਨੇਰੀਆਂ ‘ਚ ਬਦਲਣ
ਕਿਵੇਂ ਉਜਾੜਨ
ਬਾਬਲ ਦੇ ਵਸਦੇ ਮੰਦਰਾਂ ਦੇ ਬਗੀਚੇ?
................
ਮਹਿਕਾਂ ਤਾਂ ਫੁੱਲਾਂ ਨੂੰ
ਖਿੜਨ ਲਈ ਲਲਚਾਉਂਣਾ ਹੁੰਦਾ ਹੈ
ਫੇਰ ਕਿਵੇਂ ਡੂੰਘੀਆਂ ਕਰਨ
ਕੰਡਿਆਂ ਦੀਆਂ ਚੋਭਾਂ
ਕਿਵੇਂ ਨੀਵੀਂ ਕਰਨ
ਪਿਤਰੀ ਚਾਰ ਦੀਵਾਰੀ ‘ਚ
ਬਾਪੂ ਦੇ ਸ਼ਮਲੇ ਦੀ ਆਕੜ
ਸ਼ਾਇਦ ਏਸੇ ਲਈ ਹੀ
ਧੀਆਂ ਚੁੱਪ ਕਰਕੇ
ਆਪਣੀਆਂ ਖ਼ਾਹਿਸ਼ਾਂ ਦੀ ਸਿਰੀ ਨੱਪ ਕੇ
ਬਾਬਲ ਦੇ ਵਿਹੜੇ ਨੂੰ
ਵਸਦਾ ਰਹਿਣ ਦੀ ਅਸੀਸ ਦੇ
ਉਸਦੀ ਸਾਰੀ ਖ਼ੁਸ਼ਬੋਈ ਸਮੇਟ
ਚਲੀਆਂ ਜਾਂਦੀਆਂ ਹਨ
ਕਿਸੇ ਓਪਰੇ ਵਿਹੜੇ ਨੂੰ
ਮਹਿਕਾਉਂਣ ਲਈ
ਵਸਾਉਂਣ ਲਈ।
No comments:
Post a Comment