ਏਸ ਸ਼ਹਿਰ ਦੀ ਗੱਲ ਭਲਾ ਅੱਜ-ਕਲ੍ਹ ਦੀ ਹੈ?
ਇਕ ਅੱਧੀ ਅਫ਼ਵਾਹ ਤਾਂ ਏਥੇ ਚਲਦੀ ਹੈ।
-----
ਗਲ਼ੀ-ਗੁਆਂਢ ‘ਚ ਉਂਗਲ਼ਾਂ ਉੱਚੀਆਂ ਹੁੰਦੀਆਂ ਹਨ,
ਵਿਧਵਾ ਯੁਵਤੀ ਜਦ ਵੀ ਸੂਟ ਬਦਲਦੀ ਹੈ।
-----
ਤੇਰਾ ਜਾਣਾ ਉਸ ਪਲ ਚੇਤੇ ਆਉਂਦਾ ਹੈ,
ਦਫ਼ਤਰ ਕੋਲ਼ੋਂ ਦੀ ਜਦ ਰੇਲ ਗੁਜ਼ਰਦੀ ਹੈ।
-----
ਵਰ੍ਹਿਆਂ ਪਿਛੋਂ ਫਿਰ ਓਵੇਂ ਹੀ ਲੱਗਿਆ ਹੈ,
ਉਹ ਕੋਠੇ ਦੀ ਛੱਤ ‘ਤੇ ਬੈਠੀ ਪੜ੍ਹਦੀ ਹੈ।
-----
ਉਹੀਓ ਚੌਂਕ ਪਿਆਰਾ ਸਾਨੂੰ ਲਗਦਾ ਹੈ,
ਜਿਥੋਂ ਤੇਰੇ ਘਰ ਨੂੰ ਸੜਕ ਨਿਕਲ਼ਦੀ ਹੈ।
-----
ਤੂੰ ਤਾਂ ਅੱਜ-ਕਲ੍ਹ ਇਕ ਬੰਗਲੇ ਦੀ ਕ਼ੈਦਣ ਹੈਂ,
ਵੇਖ ਫ਼ਕੀਰਾਂ ਦੀ ਗੱਲ ਸ਼ਹਿਰੀਂ ਚਲਦੀ ਹੈ।
-----
ਸ਼ੀਸ਼ਾ ਵੀ ਅੱਜ ਕਰਦਾ ਸਾਨੂੰ ਮਸ਼ਕਰੀਆਂ,
ਮੂੰਹ ‘ਤੇ ਧੌਲ਼ੇ ਕਹਿਣ ‘ਜੁਆਨੀ ਢਲ਼ਦੀ ਹੈ’।
1 comment:
gazal changi hai..bahuti bhaari nahin.. harvinder
Post a Comment