ਨਜ਼ਮ
ਭੋਜ ਪੱਤਰਾਂ ‘ਤੇ
ਜਿਹੜੇ ਖ਼ਤ ਮੈਂ ਤੈਨੂੰ ਲਿਖੇ ਸਨ
ਉਹਨਾਂ ‘ਚ
ਮੇਰੇ ਮਨ ਦੇ ਅਹਿਸਾਸਾਂ ਦਾ
ਸਾਰਾ ਸੇਕ ਜ਼ਰਬ ਸੀ
..............
ਅੱਖਾਂ ‘ਚ ਜਿਉਂਦੀ
ਨਦੀ ਦਾ ਇਤਿਹਾਸ ਸੀ
ਰੇਗਿਸਤਾਨ ‘ਚ ਊਂਘਦੇ
ਦਰਿਆ ਦੀ ਬਾਤ ਸੀ
ਅਤੇ ਤੇਰੇ ਪਿੰਡ ਦੀ
ਫਿਰਨੀ ਤੇ ਹੋਈਆਂ ਪੈੜਾਂ ਦੀ
ਉਨੀਂਦਰੀ ਜਿਹੀ ਝਾਤ ਸੀ
.............
ਹਰ ਅਧੂਰੀ ਸਤਰ ਦੇ
ਪੂਰੇ ਅਰਥਾਂ ‘ਚ ਮੈਂ ਇਹੋ ਲਿਖਦਾ ਸੀ
ਰਿਸ਼ਤਿਆਂ ਦੀ ਝੀਲ ‘ਚੋਂ
ਲਹਿਰਾਂ ਤਾਂ ਉੱਠਦੀਆਂ ਨੇ
ਪਰ ਮਨ ਤੀਕ ਆਉਂਦੀਆਂ ਹੀ
ਸਾਨੂੰ ਵੱਖੋ-ਵੱਖਰੇ
ਕਿਨਾਰੇ ਵਿਖਾਉਂਣ ਲੱਗ ਪੈਂਦੀਆਂ ਨੇ
..............
ਸਾਗਰ ਦੀਆਂ ਸਿੱਪੀਆਂ
ਸਾਡੀਆਂ ਅੱਖਾਂ ਅੱਗੇ
ਫੈਲਦੀਆਂ ਤਾਂ ਜ਼ਰੂਰ ਨੇ
ਪਰ, ਖ਼ਾਮੋਸ਼ੀ ਦੀ ਭਾਸ਼ਾ ‘ਚ
ਇਹੋ ਬੋਲਦੀਆਂ ਨੇ
“.... ਅਜੇ ਤੁਸੀਂ ਇਬਾਰਤ ਪੜ੍ਹ ਤਾਂ ਸਕਦੇ ਹੋ
ਉਸ ਨੂੰ ਮਨ ਦੇ ਬੋਲਾਂ ‘ਚ
ਨਹੀਂ ਰਲ਼ਾ ਸਕਦੇ
ਹਮਗੁਜ਼ਰ ਹੋਣ ਦਾ ਭਰਮ ਪਾਲ਼ ਸਕਦੇ ਹੋ
ਅਜੇ ਸੂਰਜ ਨੂੰ
ਰੂ-ਬ-ਰੂ ਖੜ੍ਹਾ ਨਹੀਂ ਕਰ ਸਕਦੇ..”
..............
ਤੇ ਮੇਰੀ
ਹਰ ਅਧੂਰੀ ਸਤਰ
ਇਉਂ ਵੀ ਤਾਂ ਬੋਲਦੀ ਸੀ
“...ਕਮਲ਼ੀਏ!
ਮੈਂ ਕਿਸੇ ਭਿਕਸ਼ੂ ਦੀ ਜ਼ੁਬਾਨ ਦਾ ਉਚਾਰਣ ਨਹੀਂ
ਜਿਹੜਾ ਵੇਦਾਂ ‘ਚ ਵਾਕਾਂ ਵਾਂਗ ਲਿਖਿਆ ਜਾਵਾਂਗਾ
ਅਤੇ—
ਕੁਰਾਨ ਦੇ ਪਹਿਲੇ ਸਫ਼ੇ ‘ਤੇ ਲਿਖੀ
ਕੋਈ ਆਇਤ ਵੀ ਨਹੀਂ
ਜਿਹੜਾ—
ਜੰਗਲ਼ ‘ਚ ਬੈਠੇ ਮੌਲਵੀ ਨੂੰ
ਪਿੱਛੇ ਲਾ ਲਿਆਵਾਂਗਾ।
...................
ਮੈਂ ਤਾਂ ਬੇਲਿਆਂ ‘ਚ ਬਣੀ
ਮਟੀ ਤੇ ਉੱਕਰਿਆ
ਇੱਕ ਮਾਸੂਮ ਜਿਹਾ ਨਾਮ ਹਾਂ
ਜਿਹੜਾ ਨਾਂ ਤਾਂ
ਆਪਣੀ ਕਬਰ ‘ਚੋਂ
ਉੱਠ ਕੇ ਬਾਹਰ ਆ ਸਕਦਾ
ਅਤੇ ਨਾ ਹੀ
ਚੁੱਪ-ਚਾਪ ਕਬਰ ‘ਚ ਪੈ ਕੇ
ਕੋਈ ਸਪਤਕ ਵਜਾ ਸਕਦਾ..”
..............
ਹੁਣ ਜਦੋਂ ਕਿ ਤੂੰ
ਧਰਤ ਦੀ ਹਾਜ਼ਰੀ ‘ਚ ਮੇਰੇ ਸਨਮੁੱਖ ਹੈਂ
ਤਾਂ ਮੇਰੀ ਪੁੱਛ ਨੂੰ ਤੇਰਾ ਇਉਂ ਸੰਬੋਧਨ ਹੋਣਾ..
“....ਚੇਤੇ ਨਹੀਂ ਕਿੱਥੇ ਰੱਖੇ ਨੇ
ਅਗਲੀ ਵਾਰ ਮੈਂ
ਤੇਰੇ ਸਾਰੇ ਖ਼ਤ ਲੱਭ ਕੇ ਲਿਆਵਾਂਗੀ..”
ਅੱਖਾਂ ਤੋਂ ਮਨ ਤੱਕ ਵਹਿੰਦੀ
ਖ਼ੂਨ ਦੀ ਵੇਈਂ ‘ਚ
ਰੇਤ ਦੀ ਚੁਟਕੀ ਭਰ ਕੇ
ਘੱਲਣ ਵਰਗੀ ਗੱਲ ਲੱਗਦੀ ਹੈ
ਤਾਂ ਇਹ ਦੱਸ—
ਭੋਜ ਪੱਤਰਾਂ ਉੱਤੇ
ਜਿਹੜੇ ਖ਼ਤ ਮੈਂ ਤੈਨੂੰ ਲਿਖੇ ਸਨ
ਉਹ—
ਖ਼ਾਬ ਬਣ ਕੇ ਰਹਿ ਜਾਣ ਲਈ ਲਿਖੇ ਸਨ
ਜਾਂ ਵਿਸ਼ਵਾਸ ਦੀ ਉਮਰ ਤੱਕਣ ਲਈ
ਤੂੰ ਅਜੇ....ਏਨਾ ਕੁ ਜਵਾਬ ਹੀ ਦੇਹ!
No comments:
Post a Comment