ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, October 8, 2009

ਗਗਨਦੀਪ ਸ਼ਰਮਾ - ਨਜ਼ਮ

ਅੱਥਰੂ ਪੀਣਿਆਂ ਦੇ ਵਾਰਸ

ਨਜ਼ਮ

ਅਸੀਂ ਤਾਂ

ਅੱਥਰੂ ਪੀਣਿਆਂ ਦੇ ਵਾਰਸ ਹਾਂ

ਹਿੱਕ ਅੰਦਰ ਸਾਂਭੀ ਫਿਰੀਏ

ਆਪਣੀ ਵਿਰਾਸਤ।

............

ਨਿੱਕੇ ਹੁੰਦਿਆਂ

ਥੁੜ੍ਹਾਂ ਦੀ ਜੰਗ ਲੜਦੀ ਮਾਂ ਤੋਂ

ਦੁੱਧ ਦੇ ਨਾਲ਼-ਨਾਲ਼

ਉਸਦੇ ਹੰਝੂ ਪੀਂਦਿਆਂ ਨੂੰ

ਸਾਨੂੰ ਤਾਂ ਉਦੋਂ ਦੀ ਸੋਝੀ ਹੈ

ਮਿੱਠੇ ਤੇ ਲੂਣੇ ਦਾ ਅੰਤਰ

ਸਾਡੇ ਲਈ ਨਹੀਂ ਹੁੰਦਾ।

...............

ਖੇਤਾਂ ਵਿਚ ਮਿੱਟੀ ਨਾਲ਼ ਘੁਲ਼ਦਾ ਬਾਪੂ

ਘਰ ਮੁੜਦਾ

ਤਾਂ ਮੁੜ੍ਹਕਾ ਮੁੜ੍ਹਕਾ ਹੋ ਕੇ ਮੁੜਦਾ

ਬਾਲਪਣ ਉਸਦੇ ਕੁੜਤੇ ਚੋਂ ਸੁਗੰਧੀਆਂ ਭਾਲ਼ਦਾ

ਇਹੋ ਖੇਡਾਂ ਵੇਖ

ਬਾਪੂ ਦੀਆਂ ਅੱਖਾਂ ਚੋਂ ਸਿੰਮੇ ਅੱਥਰੂ

ਅਜੇ ਤੱਕ ਬੈਠੇ ਨੇ

ਸਾਡੇ ਮਨਾਂ ਅੰਦਰ।

.............

ਵਲੈਤ ਜਾਣ ਦੇ ਚਾਅ ਵਿਚ

ਜਹਾਜ਼ੀਂ ਚੜ੍ਹੇ

ਤੇ ਫਿਰ

ਕਿਸ਼ਤੀਆਂ ਥਾਣੀਂ ਹੁੰਦੇ ਹੋਏ

ਸਮੁੰਦਰ ਦੀਆਂ ਲਹਿਰਾਂ ਦੇ

ਹਮਸਫ਼ਰ ਹੋ ਗਏ ਵੀਰ ਨੇ

ਦਰਦ ਨੂੰ

ਪਲਕ ਦੀ ਥਾਂ

ਦਿਲ ਦਾ ਘਰ ਦਿੰਦੇ ਹਾਂ

ਇਕ-ਦੂਜੇ ਨੂੰ ਦਿਸ ਜਾਣ ਡਰੋਂ।

..................

ਜ਼ਮੀਨ ਖੁੱਸ ਜਾਣ ਮਗਰੋਂ

ਹੁਣ ਨਿੱਤ ਜਾਂਦੇ ਹਾਂ ਕੰਮਾਂ-ਕਾਰਾਂ ਤੇ

ਫਿਰ ਵੀ

ਤੈਅ ਨਾ ਹੋ ਪਾਉਂਦਾ

ਹੱਥ ਤੋਂ ਮੂੰਹ ਦਾ ਸਫ਼ਰ

ਇਸ ਸਫ਼ਰ ਤੇ ਤੁਰਦੇ

ਸ਼ੀਸ਼ੇ ਸਾਹਵੇਂ ਜਲ-ਥਲ ਹੋ ਜਾਵਣ ਵਾਲ਼ੇ

ਅਸੀਂ ਤਾਂ

ਅੱਥਰੂ ਪੀਣਿਆਂ ਦੇ ਵਾਰਸ ਹਾਂ।

No comments: