ਜਨਮ – 1947 – 27 ਅਗਸਤ, 2005 ( ਜਲੰਧਰ, ਪੰਜਾਬ)
ਕਿਤਾਬਾਂ: ਕਾਵਿ-ਸੰਗ੍ਰਹਿ ‘ਖ਼ਾਲੀ ਤਰਕਸ਼’ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਬਹੁਤ ਸਾਰੀਆਂ ਰਚਨਾਵਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ।
----
ਦੋਸਤੋ! ਇੰਡੀਆ ‘ਚ ਮੈਂ ਦੂਰਦਰਸ਼ਨ ਤੇ ‘ਕੱਚ ਦੀਆਂ ਮੁੰਦਰਾਂ’ ਪ੍ਰੋਗਰਾਮ ਬੜੀ ਰੀਝ ਨਾਲ਼ ਵੇਖਿਆ ਕਰਦੀ ਸੀ। ਪੇਸ਼ ਕਰਤਾ ਅਮਿਤੋਜ ਜੀ ਦਾ ਅੰਦਾਜ਼ ਹੀ ਨਿਰਾਲਾ ਹੁੰਦਾ ਸੀ। ਇੱਕ-ਇੱਕ ਸ਼ਬਦ ਵਿਲੱਖਣ ਤੇ ਉਹਨਾਂ ਨੂੰ ਮੂੰਹੋਂ ਕੱਢਣ ਅਤੇ ਜਚਾਉਂਣ ਦਾ ਢੰਗ ਓਦੂੰ ਵੀ ਕਮਾਲ। ਉਹਨਾਂ ਦੇ ਮੂੰਹੋਂ ਨਿਕਲ਼ੇ ਹਰ ਲਫ਼ਜ਼ ‘ਤੇ ਪਾਕੀਜ਼ਗੀ ਦੀ ਮੋਹਰ ਜਿਹੀ ਲੱਗ ਜਾਂਦੀ ਸੀ। ਫੇਰ ਅਚਾਨਕ ਪਤਾ ਲੱਗਾ ਕਿ 1994 ਤੋਂ 2005 ਤੱਕ ਉਹਨਾਂ ਨੂੰ ਦਿਮਾਗੀ ਦੌਰੇ ਪੈਂਦੇ ਰਹੇ। ਉਹਨਾਂ ਦੀ ਪਤਨੀ ਅੰਮ੍ਰਿਤਪਾਲ ਕੌਰ ਜੀ ਨੇ ਜੀਵਨ-ਸਾਥਣ ਹੋਣ ਦਾ ਹਰ ਫ਼ਰਜ਼ ਅਤੇ ਅਰਥ ਨਿਭਾਇਆ, ਪਰ ਅਮਿਤੋਜ ਜੀ ਨੂੰ 27 ਅਗਸਤ, 2005 ਨੂੰ ਚੰਦਰੀ ਮੌਤ ਨੇ ਸਾਥੋਂ ਹਮੇਸ਼ਾ ਲਈ ਖੋਹ ਲਿਆ।
-----
ਅਮਿਤੋਜ ਜੀ ਪੰਜਾਬੀ ਸ਼ਾਇਰੀ ਦਾ ਬਹੁਤ ਵੱਡਾ ਤੇ ਖ਼ੂਬਸੂਰਤ ਹਸਤਾਖ਼ਰ ਹਨ। ਉਹਨਾਂ ਦੀ ਸ਼ਾਇਰੀ ‘ਚ ਬਹੁਤ ਵੱਡੇ-ਵੱਡੇ ਰਹੱਸ ਹਨ, ਸਮਝਦਿਆਂ, ਸੁਲ਼ਝਾਉਂਦਿਆਂ ਉਮਰ ਬੀਤ ਜਾਵੇ। ਮੈਂ ਉਹਨਾਂ ਦੀ ਕਿਤਾਬ ਜਿੰਨੀ ਵਾਰ ਵੀ ਪੜ੍ਹੀ ਹੈ, ਓਨੀ ਵਾਰ ਉਹਨਾਂ ਦਾ ਵੱਖਰਾ ਅਕਸ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਉਹ ਵੱਖਰੀ ਤਲਾਸ਼ ‘ਚ ਵੱਖਰੇ ਸਫ਼ਰ ਤੇ ਪੈਰ ਧਰਦਿਆਂ ਮਿਲ਼ੇ ਹਨ। ਬਹੁਤ ਵਾਰ ਉਹਨਾਂ ਦੀ ਸ਼ਾਇਰੀ ਤੁਹਾਡੇ ਨਾਲ਼ ਸਾਂਝੀ ਕਰਨ ਦੀ ਸੋਚੀ, ਪਰ ਪਤਾ ਨਹੀਂ ਕਿਉਂ ਹਰ ਵਾਰ ਮੈਂ ਉਹਨਾਂ ਦੀਆਂ ਨਜ਼ਮਾਂ ‘ਚ ਉਲ਼ਝ ਕੇ ਭੁੱਲ ਜਾਂਦੀ ਰਹੀ ਹਾਂ ਕਿ ਆਰਸੀ ਤੇ ਵੀ ਪੋਸਟ ਕਰਨੀਆਂ ਨੇ।
----
ਪਰ ਅੱਜ ਜਦੋਂ ਸ਼੍ਰੀਗੰਗਾਨਗਰ, ਰਾਜਸਥਾਨ ਵਸਦੇ ਸ਼ਾਇਰ ਗੁਰਮੀਤ ਬਰਾੜ ਜੀ ਨੇ ਅਮਿਤੋਜ ਜੀ ਦੀਆਂ ਨਜ਼ਮਾਂ ਆਰਸੀ ਲਈ ਘੱਲੀਆਂ ਤਾਂ ਅਟੈਚਮੈਂਟ ਖੋਲ੍ਹਦਿਆਂ ਮੂੰਹੋਂ ਨਿਕਲ਼ਿਆ, “ਆਹ! ਅਮਿਤੋਜ ਜੀ!” ਦੋਸਤੋ! ਅਮਿਤੋਜ ਦੀ ਦੀਆਂ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ‘ਚ ਸ਼ਾਮਲ ਕਰਦਿਆਂ ਉਹਨਾਂ ਨੂੰ ਯਾਦ ਕਰ ਰਹੀ ਹਾਂ ਅਤੇ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਕਲਮ ਨੂੰ ਸਿਰ ਨਿਵਾ ਕੇ ਸਲਾਮ! ਗੁਰਮੀਤ ਜੀ ਦਾ ਬੇਹੱਦ ਸ਼ੁਕਰੀਆ ਜਿਨ੍ਹਾਂ ਨੇ ਏਨੇ ਰੁਝੇਵਿਆਂ ਦੇ ਬਾਵਜੂਦ ਅਮਿਤੋਜ ਜੀ ਦੀਆਂ ਨਜ਼ਮਾਂ ਘੱਲੀਆਂ। ਦਵਿੰਦਰ ਪੂਨੀਆ ਜੀ ਦਾ ਵੀ ਬੇਹੱਦ ਸ਼ੁਕਰੀਆ ਜਿਨ੍ਹਾਂ ਨੇ ਅਮਿਤੋਜ ਜੀ ਦੀ ਕਿਤਾਬ ਮੈਨੂੰ ਆਰਸੀ ਲਈ ਦਿੱਤੀ।
ਅਦਬ ਸਹਿਤ
ਤਨਦੀਪ ‘ਤਮੰਨਾ’
*************
ਚੁੱਪ-ਪਿਆਸ ਦੀ ਦੋਸਤੀ
ਨਜ਼ਮ
ਇਕ ਚੁੱਪ ਸੀ
ਸੁੱਕੇ ਦਰਿਆ ਵਿਚ ਡੁੱਬੀ ਹੋਈ
ਨ੍ਹਾਉਂਣ ਲਈ ਬਚੀ ਹੋਈ ਚਾਨਣੀ
ਨੰਗੇ ਬਦਨ ਹੇਠ ਢਕਿਆ ਹੋਇਆ ਮਨ।
...............
ਬਸ ਹੁਣ ਉਸਦਾ ਇੰਤਜ਼ਾਰ ਸੀ
ਉਮੀਦ ਤਾਂ ਸੀ ਉਹ ਆਏਗੀ
ਛੋਹਲ਼ੇ ਪੈਰੀਂ ਉਡਦੀ ਹੋਈ
ਤੇ ਝਿੜਕੇਗੀ ਚੁੱਪ ਨੂੰ ਦੋਹੀਂ ਹੱਥੀਂ
ਆਖੇਗੀ:
ਉੱਠ ਨਾਗਣੇ!
ਇੱਥੇ ਕੀ ਲਿਸ਼ਕਦੀ ਰੇਤ ਵਿਚ ਅੰਡੇ ਦੇਣ ਲੱਗੀ ਏਂ
ਕਿ ਕੁੰਜ ਉਤਾਰਨ?
ਅੱਗੇ ਈ ਤੈਨੂੰ ਦੂਰੋਂ ਦੇਖ, ਕਿਸੇ ਸ਼ੂਕਦੇ ਦਰਿਆ
ਦਾ ਭੁਲੇਖਾ ਪੈਂਦਾ ਏ
ਹੁਣ ਕੀ ਨਵਾਂ ਚੰਨ ਚਾੜ੍ਹਨ ਲੱਗੀ ਏਂ?
ਪਿਆਸ ਨੂੰ ਦੋਫਾੜ ਕਰਕੇ
ਕੀ ਤੇਰੀਆਂ ਜੀਭਾਂ ਇਸ ਨੂੰ ਡੀਕ ਲੈਣਗੀਆਂ
ਸਾਲਮ ਸਬੂਤੀ ਨੂੰ
ਜ਼ਿੱਦ ਨਾ ਕਰ
ਜਾ ਹਾਰ ਜਾ ਔਂਤਰੀਏ
ਸ਼ੂਕਦੇ ਦਰਿਆ ਤਾਂ ਸੁੱਕ ਸਕਦੇ ਨੇ
ਪਰ ਪਿਆਸ ਕਦੇ ਮਰਦੀ ਨਹੀਂ
ਪਿਆਸ ਦਾ ਸਿਰਫ਼ ਨਾਮਕਰਣ ਹੁੰਦਾ ਹੈ!
=========
ਨਿਰਵਾਣ ਪ੍ਰਾਪਤੀ ਤੋਂ ਪਹਿਲਾਂ
ਨਜ਼ਮ
ਸਾਰੀ ਦੁਪਹਿਰ ਉਹ ਮੇਰੀ ਹਿੱਕ ‘ਤੇ
ਖੁੱਲ੍ਹੀ ਕਿਤਾਬ ਵਾਂਗ ਪਈ ਰਹੀ
ਤੇ ਮੇਰੇ ਮੱਥੇ ‘ਚੋਂ ਮੇਖਾਂ ਪੁੱਟ ਪੁੱਟ
ਸ਼ਹਿਰ ਦੇ ਰਾਜ ਮਾਰਗ ਵੱਲ ਸੁੱਟਦੀ ਰਹੀ
ਸ਼ਾਇਦ ਉਸਨੇ ਦੇਖ ਲਿਆ ਸੀ –
ਕਿ ਜਿਨ੍ਹਾਂ ਰਾਹਾਂ ਵੱਲ ਮੁੜਨਾ ਹੈ ਹੁਣ ਮੈਂ,
ਸ਼ਿੰਗਾਰੇ ਮੱਥਿਆਂ ਦੀ ਉੱਥੇ ਲੋੜ ਨਾ ਕਾਈ
................
ਉੱਥੇ ਲੋੜ ਹੈ ਫ਼ੌਲਾਦੀ ਛਾਤੀ ਦੀ
ਬੱਜਰ ਡੌਲ਼ਿਆਂ ਦੀ
ਮਜ਼ਬੂਤ ਪਕੜ ਦੀ
ਸਾਫ਼ ਸੁਥਰੀ ਸੋਚ ਦੀ
ਤੇ ਸਹੀ ਨਿਸ਼ਾਨੇ ਦੀ
===========
ਡਿਕੱਲੀ ਗਰਾਮਾ
ਨਜ਼ਮ
ਜੇ ਤੈਨੂੰ ਬਹੁਤ ਹੀ ਬੁਰਾ ਲੱਗਦਾ ਏ ਨਾ
ਤਾਂ ਤੂੰ ਬਈ ਜਾ।
.................
ਮੈਨੂੰ ਤਾਂ ਚੰਗਾ ਲਗਦਾ ਏ
ਪਵਿੱਤਰ ਲੋਕਾਂ ਨੂੰ ਹੁੱਜਤਾਂ ਕਰਨੀਆਂ
ਤੇ ਉਹਨਾਂ ਦੀਆਂ ਬੋਦੀਆਂ ਦੇ ਪਰਛਾਵਿਆਂ ‘ਚੋਂ ਟੈਮ ਲੱਭਣੇ
ਜੇ ਤੂੰ ਪੰਚਮ ਤੋਂ ਪਟਾਕ ਦੇਣੀ ਭੁੰਜੇ ਨਹੀਂ ਕਿਰ ਸਕਦੀ
ਤਾਂ ਤੂੰ ਬਈ ਜਾ।
................
ਮੈਨੂੰ ਤਾਂ ਚੰਗਾ ਲਗਦਾ ਏ
ਚੀਜ਼ਾਂ ਦੇ ਹੋਰ ਨਾਮ ਰੱਖਣੇ
ਤੇ ਫੇਰ ਨਾਵਾਂ ਦੇ ਕੁਨਾਂ ਪਾਉਂਣੇ
ਜੇ ਤੂੰ ਗੁਲਦਸਤੇ ਨੂੰ ਗੁਲਦਸਤਾ ਹੀ ਕਹਿਣਾ ਏ
ਤਾਂ ਤੂੰ ਬਈ ਜਾ।
.................
ਮੈਨੂੰ ਤਾਂ ਚੰਗਾ ਲਗਦਾ ਏ
ਦੋਸਤਾਂ ਦੀਆਂ ਜੇਬਾਂ ‘ਚੋਂ ਵਿਜ਼ਿਟਿੰਗ ਕਾਰਡ ਚੁਰਾਉਂਣੇ
ਤੇ ਉਹਨਾਂ ਦੇ ਪਿਛਵਾੜੀ ਲਿਖਣਾ – ਮੈਂ ਘਰ ਨਹੀਂ ਹਾਂ।
................
ਜੇ ਤੂੰ ਦਹਿਲੀਜ਼ ‘ਤੇ ਦੀਵਾ ਬਣੀ ਬੈਠੀ ਰਹਿਣਾ
ਤਾਂ ਤੂੰ ਬਈ ਜਾ।
..................
ਜੇ ਤੈਨੂੰ ਬਹੁਤ ਹੀ ਬੁਰਾ ਲੱਗਦਾ ਏ ਨਾ
ਤਾਂ ਤੂੰ ਬਈ ਜਾ।
=========
ਇਕ ਪਲ ਦੀ ਪਰਿਭਾਸ਼ਾ
ਨਜ਼ਮ
ਮੈਂ ਕਿਸੇ ਨਾਵਲ ਦੀ ਪਹਿਲੀ ਕਿਸ਼ਤ ਜਿੰਨਾ –
ਖ਼ੂਬਸੂਰਤ ਹਾਂ ਤੇ ਮੇਰੇ ਨਕਸ਼ –
ਖ਼ਤ ਉੱਤੇ ਝਰੀਟੇ ਦਸਖ਼ਤਾਂ ਵਾਂਗ।
................
ਜਦੋਂ ਸੂਰਜ ਨੂੰ ਤੱਕਣ ‘ਤੇ
ਮੇਰੀ ਅੱਖ ਮੋਮ ਬਣ ਕੇ ਪਿਘਲ਼ ਜਾਂਦੀ ਹੈ
ਨਕਾਰਾ ਹੱਥ ਮੇਰਾ
ਮੇਜ ਦੀ ਦਰਾਜ਼ ਦੇ ਵਿਚ ਸੌਂ ਰਿਹਾ ਹੁੰਦੈ।
ਮੈਂ ਹਰ ਪੁਸਤਕ ‘ਚੋਂ ਆਪਣੀ ਗੁੰਮ ਹੋਈ,
ਨਜ਼ਮ ਲੱਭਦਾ ਹਾਂ।
ਤੇ ਔਖੇ ਸਫ਼ਰ ਲਈ
ਕੋਈ ਉਧਾਰੇ ਸ਼ਬਦ ਮੰਗਦਾ ਹਾਂ।
...............
ਪਤਾ ਨਹੀਂ ਫੇਰ ਵੀ,
ਮੈਂ ਤੇਗ ਦੀ ਧਾਰ ‘ਤੇ ਤੁਰਨੋ ਕਿਉਂ ਡਰਦਾ ਹਾਂ।
1 comment:
ਏਨਾਂ ਵੱਡਾ ਕੰਮ, ਗੁਰਮੀਤ ਤੇਰੀ ਹਿੰਮਤ ਦੀ ਦਾਦ ਦੇਣੀਂ ਪਵੇਗੀ, ਮਹਿਸੂੂਸ ਹੋ ਰਿਹਾ ਹੈ ਕਿ ਅਮਿਤੋਜ ਨੂੰ ਉਸਦੀ ਬਹਿਰੀ ਸਰਦਲ ਤੋਂ ਉਠਾਕੇ ਤੂੰ ਫੇਰ ਸਾਡੇ ਨਾਲ ਤੋਰ ਲਿਆ ਹੈ....ਦਰਵੇਸ਼
Post a Comment