ਗੁਜ਼ਰਿਆ ਤੂ੍ਫ਼ਾਨ ਨਾ ਪਰ ਝੀਲ ਦੀ ਹਲਚਲ ਗਈ।
ਤੇ ਉਡੀਕਾਂ ਕਰਦਿਆਂ ਇਕ ਹੋਰ ਆਥਣ ਢਲ਼ ਗਈ।
-----
ਉਮਰ ਭਰ ਦਰ ਖੋਲ੍ਹ ਕੇ ਰੱਖੇ ਸੀ ਜਿਸਦੇ ਵਾਸਤੇ,
ਆ ਗਈ ਸੀ ਮਹਿਕ ਪਰ ਆ ਕੇ ਉਸੇ ਹੀ ਪਲ ਗਈ।
-----
ਕੁਝ ਨਾ ਕੁਝ ਤਾਂ ਆਖਿਆ ਹੋਣੈ ਸਮੁੰਦਰ ਨੇ ਜ਼ਰੂਰ,
ਇਕ ਨਦੀ ਬੇਚੈਨ ਸੱਸੀ ਵਾਂਗ ਮਾਰੂਥਲ ਗਈ।
-----
ਸਾਜ਼ਿਸ਼ੀ ਇਕ ਪੌਣ ਲੈ ਗਈ ਡਾਕ ਬੰਗਲੇ ਖੋਲ੍ਹ ਕੇ,
ਆਖ ਕੇ ਸੰਧੂਰ ਉਹ ਚੀਰਾਂ ‘ਤੇ ਮਿਰਚਾਂ ਮਲ਼ ਗਈ।
-----
ਫੁੱਲ ਕੱਢਿਆ ਸੀ ਦੁਪੱਟੇ ‘ਤੇ ਬੜੀ ਹੀ ਰੀਝ ਨਾਲ਼,
ਆਤਿਸ਼ੀ ਮੌਸਮ ‘ਚ ਹਰ ਪੱਤੀ ਹੀ ਉਸਦੀ ਜਲ਼ ਗਈ।
-----
ਮੋਰ ਪੱਟਾਂ ‘ਤੇ ਖੁਣਾਏ ਸੀ ਉਡਾਰੀ ਲਾ ਗਏ,
ਫਰਕਦੇ ਡੌਲ਼ੇ ਦੀ ਮੱਛੀ ਖ਼ੂਨ ਦੇ ਵਿਚ ਤਲ਼ ਗਈ।
-----
ਵਹਿਮ ਸੀ ਉਸਨੂੰ ਕਿ ਮੇਰਾ ਰੰਗ ਸ਼ਾਇਦ ਹੈ ਇਹੀ,
ਲਾ ਲਈ ਮਹਿੰਦੀ ਜਦੋਂ ਉਸਨੇ ਤਲ਼ੀ ਹੀ ਬਲ਼ ਗਈ।
-----
ਜਾਲ਼ ਵਿਚ ਫਸ ਕੇ ਬੜਾ ਹੀ ਫੜਫੜਾਈ ਸੀ ਚਿੜੀ,
ਫੇਰ ਚਿੜੀਆਘਰ ‘ਚ ਕ਼ੈਦੀ ਪੰਛੀਆਂ ਵਿਚ ਰਲ਼ ਗਈ।
-----
ਕਸਰ ਨਾ ਛੱਡੀ ਹਨੇਰੀ ਨੇ ਕਦੇ ਵੀ, ਫੇਰ ਵੀ,
ਸ਼ੁਕਰ ਹੈ ਟੁੱਟੀ ਨਹੀਂ ਇਹ ਡਾਲ ਫਿਰ ਸੰਭਲ਼ ਗਈ।
2 comments:
ਤੇਰੀ ਲਗਾਤਾਰਤਾ ਨੂੰ ਸਲਾਮ..........
ਯਾਰ ਜਸਵਿੰਦਰ , ਹਰ ਵਾਰ ਵਾਂਗ ਇਹ ਗਜ਼ਲਾਂ ਵੀ ਕਮਾਲ ਹਨ |
ਵੱਲੋਂ :--- ਸਰਬਜੀਤ ਸੰਗਤਪੁਰਾ
Post a Comment