ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, October 12, 2009

ਸੰਤੋਖ ਧਾਲੀਵਾਲ - ਨਜ਼ਮ

ਰਿਸ਼ਤੇ

ਨਜ਼ਮ

ਮੈਂ...

ਸਿਧਾਰਥ ਬਣਨ ਦੀ ਸੋਚ ਕੇ

ਤੋੜਨੇ ਚਾਹੇ ਤੇ

ਤੋੜ ਆਇਆ

ਮੋਹ, ਮਾਇਆ ਜਾਲ਼

ਤੇ ਅਪਣੱਤਾਂ ਭਰੇ

ਸਾਰੇ ਰਿਸ਼ਤੇ----

................

ਤੁਰਿਆ

ਸਾਂਝਾਂ ਦੀ ਕੱਸ ਚੋਂ ਨਿਕਲ਼

ਡਿੱਗਿਆ

ਉੱਠਿਆ

ਫੇਰ ਤੁਰਿਆ

ਰਿਸ਼ਤਿਆਂ ਨੇ ਮੁੜ ਆਉਣ ਲਈ

ਅਪੱਣਤਾਂ ਦਾ ਵਾਸਤਾ ਪਾਇਆ

ਲੇਲ੍ਹੜੀਆਂ ਕੱਢੀਆਂ---

................

ਫਿਰ ਸੰਭਲ਼ਿਆ

ਆਪਣੇ ਅਕੀਦੇ ਨੂੰ ਨੇਪਰੇ ਚਾੜ੍ਹਨ ਲਈ

ਫੇਰ ਹੰਭਲ਼ਾ ਮਾਰਿਆ

ਤੁਰਦਿਆਂ

ਰਸਤੇ ਚ ਇੱਕ ਬੋਹੜ ਆਇਆ

ਬਹਿ ਗਿਆ ਉਸਦੀ ਛਾਵੇਂ-

ਉਸ ਨਾਲ ਰਿਸ਼ਤਾ ਬਣਾ ਕੇ---

............

ਸ਼ਾਇਦ ਉੱਚੀ ਹੋਈ ਧੁੱਪ ਤੋਂ ਡਰਦਾ

ਛਾਵਾਂ ਚ ਰਹਿਣ ਦੀ ਆਦਤ ਜਿਉਂ ਸੀ---

ਵੇਖਦਾਂ ਕਿ ਬੋਹੜ ਤਾਂ

ਆਪ ਰਿਸ਼ਤੇ ਬਣਾਈ ਬੈਠਾ

ਧਰਤੀ ਨਾਲ਼

ਸੂਰਜ ਨਾਲ਼

ਚੰਦਰਮੇ ਨਾਲ਼

.............

ਸੂਰਜ ਨੂੰ ਆਪਣੀ ਬੁੱਕਲ ਚ ਸਾਂਭ

ਉਸਦਾ ਸਾਰਾ ਸੇਕ

ਆਪਣੇ ਪਿੰਡੇ ਹੰਢਾ

ਆਪਣੀ ਸ਼ਰਨ ਚ ਆਇਆਂ ਨੂੰ

ਛਾਵਾਂ ਵੰਡਦਾ

ਤੇ ਨ੍ਹੇਰਾ ਹੋਣ ਤੇ

ਸਮੇਟ ਲੈਂਦਾ

ਆਪੇ ਚ ਚੰਨ ਦਾ

ਸਾਰਾ ਹੀ ਸੀਤ ਚਾਨਣ

ਸਰਸ਼ਾਰ ਹੋਇਆ

ਰਾਤ ਭਰ

ਵੰਡਦਾ ਰਹਿੰਦਾ ਆਕਸੀਜਨ

ਜੀਣ ਦੀ ਇੱਕੋ ਇੱਕ ਰਾਹਤ

...............

ਸੋਚਦਾਂ---

ਕਿ ਸਿਧਾਰਥ

ਦਾ ਕੀ ਰਿਸ਼ਤਾ ਸੀ

ਉਸ ਬੋਹੜ ਨਾਲ਼?

ਪਰ

ਉਹ ਬੋਹੜ ਵੀ ਤਾਂ

ਇੱਕ ਰਿਸ਼ਤੇ ਚ ਬੰਧਨ ਹੈ

ਜਿਸਨੂੰ ਨਿਭਾ ਰਿਹਾ ਸੀ

ਦੇ ਰਿਹਾ ਸੀ

ਹਰ ਇੱਕ ਨੂੰ ਉਸਦੇ ਹਿੱਸੇ ਆਉਂਦੀ ਛਾਂ

ਉਸਦੇ ਹਿੱਸੇ ਆਉਂਦੀ

ਸਾਹ ਲੈਣ ਆਕਸੀਜਨ

..............

ਬੋਹੜ ਤੋਂ ਰੁਖ਼ਸਤੀ ਲੈ ਤੁਰਿਆ

ਤਾਂ ਕੀ ਅਨੁਭਵ ਕੀਤਾ ਕਿ

ਰਾਹ ਵੀ ਰਿਸ਼ਤੇ ਬਣਾਈ ਬੈਠੇ ਹਨ

ਮੀਲ ਪੱਥਰਾਂ ਨਾਲ਼

ਪੈੜਾਂ ਨਾਲ਼

ਤੇ ਗੁਆਚੀਆਂ ਤੋਰਾਂ ਨਾਲ਼

ਵਿਸਰ ਗਈਆਂ ਪੈੜਾਂ ਨੂੰ

ਭਾਲਣ ਲਈ ਤੜਫ਼ਦੇ ਰਿਸ਼ਤੇ

ਰਿਸ਼ਤਿਆਂ ਬਿਨਾ ਕਿਵੇਂ

ਵਿਚਰ ਸਕਦਾ ਹੈ ਸੰਸਾਰ---?

...............

ਵਕਤ ਵੀ ਤਾਂ ਰਿਸ਼ਤਾ ਹੀ ਨਿਭਾਉਂਦਾ ਹੈ

ਸਾਰੀ ਕਾਇਨਾਤ ਨਾਲ਼

ਵਕਤ ਕਦੇ ਛੁੱਟੀ ਨਹੀਂ ਕਰਦਾ

ਵਕਤ ਆਪਣੀ ਤੋਰ

ਨਿਰੰਤਰ ਜਾਰੀ ਰੱਖਦਾ ਹੈ

ਕੋਈ ਹਾੜ੍ਹ ਸਿਆਲ ਨਹੀਂ ਪਰਖਦਾ

ਆਪਣਾ ਰਿਸ਼ਤਾ ਕਦੇ ਨਹੀਂ ਤੋੜਦਾ

...............

ਮੈਂ ਵੀ

ਸਿਧਾਰਥ ਵਾਂਗੂੰ

ਬੋਹੜ ਤੋਂ

ਰਿਸ਼ਤਿਆਂ ਦੀ ਛਾਂ ਹੀ ਮੰਗੀ ਸੀ

ਧੁੱਪ ਨਹੀਂ---

ਇਹ ਵੀ ਕੀ ਨਿਆਸਰੀ

ਜਿਹੀ ਆਕੜ ਸੀ

ਰਿਸ਼ਤੇ ਸਾਂਭੀ ਰੱਖਣਾ ਚਾਹੁੰਦਾ ਵੀ

ਤੋੜ ਕੇ ਤੁਰ ਆਇਆ ਸਾਂ

ਸਿਧਾਰਥ ਬਣਨ ਲਈ

..............

ਨਹੀਂ----

ਮੈ ਆਪਣੇ ਰਿਸ਼ਤਿਆਂ ਦੀ

ਸੰਘਣੀ ਛਾਂ ਚ ਹੀ

ਮਹਿਫੂਜ਼ ਹਾਂ

ਮੈਨੂੰ

ਰਿਸ਼ਤੇ ਤੋੜ ਕੇ

ਸਿਧਾਰਥ ਬਣਨਾ

ਮਨਜ਼ੂਰ ਨਹੀਂ...!

1 comment:

Gurmail-Badesha said...

Bahut hi khoob !
.......unjh....kai waar sidharathh vi ....apne aap 'ch !?!!!!!!!!!!!!!?!