ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 16, 2009

ਸ਼ਮਸ਼ੇਰ ਸਿੰਘ ਸੰਧੂ - ਗ਼ਜ਼ਲ

ਸਾਹਿਤਕ ਨਾਮ: ਸ਼ਮਸ਼ੇਰ ਸਿੰਘ ਸੰਧੂ

ਜਨਮ : ਸੰਨ 1937

ਮੌਜੂਦਾ ਨਿਵਾਸ: ਕੈਲਗਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਗਾ ਜ਼ਿੰਦਗੀ ਦੇ ਗੀਤ ਤੂੰ (2003), ਜੋਤ ਸਾਹਸ ਦੀ ਜਗਾ (2005) ਬਣ ਸ਼ੁਆ ਤੂੰ (2006) ਰੌਸ਼ਨੀ ਦੀ ਭਾਲ਼ (2007) ਸੁਲ਼ਗਦੀ ਲੀਕ (2008), ਗੀਤ ਤੋਂ ਸੁਲਗਦੀ ਲੀਕ ਤਕ (2009) ਛਪ ਚੁੱਕੇ ਹਨ।

------

ਦੋਸਤੋ! ਸੰਧੂ ਸਾਹਿਬ ਸੋਹਣ ਸਿੰਘ ਸੀਤਲ ਜੀ ਦੇ ਜੀਵਨ ਅਤੇ ਰਚਨਾਵਾਂ ਬਾਰੇ ਇੱਕ ਜਾਣਕਾਰੀ ਭਰਪੂਰ ਲੇਖ ਭੇਜ ਕੇ ਪਹਿਲਾਂ ਹੀ ਹਾਜ਼ਰੀ ਲਵਾ ਚੁੱਕੇ ਹਨ। ਅੱਜ ਉਹਨਾਂ ਨੇ ਇੱਕ ਖ਼ੂਬਸੂਰਤ ਗ਼ਜ਼ਲ ਅਤੇ ਸਾਹਿਤਕ ਵੇਰਵਾ ਭੇਜਿਆ ਹੈ, ਜੋ ਸ਼ਾਮਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*************

ਗ਼ਜ਼ਲ

ਟਹਿਕਦੀ ਸੀ ਵਾਂਗ ਫੁੱਲਾਂ, ਦੀ ਨਿਸ਼ਾਨੀ ਜ਼ਿੰਦਗੀ।

ਮਾਪਿਆਂ ਦੀ ਛਤਰ ਛਾਵੇਂ, ਸੀ ਰਵਾਨੀ ਜ਼ਿੰਦਗੀ

-----

ਨਾਲ਼ ਮਸਤੀ ਦੋਸਤਾਂ ਦੇ, ਦਿਨ ਬਿਤਾਏ ਕਰ ਖ਼ੁਸ਼ੀ,

ਵਾਂਗ ਸੁਪਨੇ ਬੀਤਗੀ ਜੋ, ਸੀ ਸੁਹਾਣੀ ਜ਼ਿੰਦਗੀ

-----

ਫੇਰ ਦਿਨ ਆਏ ਜਵਾਨੀ, ਦੇ ਗਏ ਗਭਰੋਟ ਹੋ,

ਸਹਿਜ ਹੀ ਫਿਰ ਸਿੱਖ ਲੀਤੀ, ਅੱਖ ਲਾਣੀ ਜ਼ਿੰਦਗੀ

-----

ਸਾਥ ਸੁਹਣੇ ਯਾਰ ਦਾ ਸੀ, ਨਾਲ਼ ਸ਼ਗਨਾਂ ਮਾਣਿਆਂ,

ਸਿੱਖ ਲੀਤਾ ਪਿਆਰ ਕੋਲੋਂ, ਕਿਵ ਪੁਗਾਣੀ ਜ਼ਿੰਦਗੀ

-----

ਦਿਨ ਸੰਧੂਰੇ ਸਨ ਜਿਵੇਂ ਹਰ, ਰਾਤ ਜਾਪੇ ਸੰਦਲੀ,

ਸੱਚ ਦੀ ਸੀ ਤੋਰ ਤੁਰ ਹਰ, ਪਲ ਪਛਾਣੀ ਜ਼ਿੰਦਗੀ

-----

ਪ੍ਰੀਤ ਮੇਰੀ ਜੀਤ ਜਾਪੇ, ਸੰਗ ਮੇਰੇ ਮੀਤ ਦੇ,

ਸਭ ਪਿਆਰੇ ਜਾਪਦੇ ਨਾ, ਸ਼ੈ ਬਗਾਨੀ ਜ਼ਿੰਦਗੀ

------

ਰੀਝ ਪੂਰੀ ਹੋ ਗਈ ਹਰ, ਫੇਰ ਕਰਕੇ ਮਿਹਨਤਾਂ,

ਰੱਜਕੇ ਹਰ ਇਕ ਖ਼ੁਸ਼ੀ ਹੈ, ਖ਼ੂਬ ਮਾਣੀ ਜ਼ਿੰਦਗੀ

-----

ਭਗਤ ਤੋਂ ਲੈ ਜੋਸ਼ ਅੱਗੇ, ਬੋਸ ਵਾਂਗੂੰ ਸਾਂ ਵਧੇ,

ਸੇਧ ਮੋਹਨ ਦੀ ਸਿਖਾਈ, ਸੀ ਬਿਤਾਣੀ ਜ਼ਿੰਦਗੀ

-----

ਨਫਰਤਾਂ ਦੀ ਕਾਂਗ ਆਈ, ਜਦ ਉਮਡਕੇ ਦੇਸ਼ ਤੇ,

ਦੇਸ਼ ਦੀ ਵੀ ਵੇਖ ਲੀਤੀ, ਵੰਡ ਕਾਣੀ ਜ਼ਿੰਦਗੀ

-----

ਜਾਣਿਆਂ ਇਤਹਾਸ ਫਿਰ ਮੈਂ, ਆਪਣੀ ਵੀ ਕੌਮ ਦਾ,

ਨਾਨਕੋ ਗੋਬਿੰਦ ਦੀ ਰਾਹਾਂ ਵਿਖਾਣੀ ਜ਼ਿੰਦਗੀ

-----

ਇਸਤਰਾਂ ਹੀ ਦੇਸ਼ ਭਗਤੀ, ਧਰਮ ਦਾ ਹਿੱਸਾ ਬਣੀ,

ਵਾਂਗ ਸੀਤਲ ਧਰਮ ਦੀ ਹੈ, ਮੈਂ ਹੰਢਾਣੀ ਜ਼ਿੰਦਗੀ

-----

ਜ਼ਿੰਦਗੀ ਵਿਚ ਕੁਛ ਨਦੀਦੇ, ਤੇ ਨਸ਼ੁਕਰੇ ਵੀ ਮਿਲੇ,

ਰੋਲਦੇ ਪੈਰਾਂ ਵੇਖੇ, ਉਹ ਨਮਾਣੀ ਜ਼ਿੰਦਗੀ

-----

ਹੋਕੇ ਬੁਜ਼ਦਿਲ ਮੈਂ ਨਹੀਂ ਗਾ, ਜ਼ਿੰਦਗੀ ਭਰ ਵੇਖਿਆ,

ਨਾਲ ਹੈ ਜ਼ਿੰਦਾ ਦਿਲੀ ਹੀ, ਮੈਂ ਲੰਘਾਣੀ ਜ਼ਿੰਦਗੀ

-----

ਜ਼ਿੰਦਗੀ ਜ਼ਿੰਦਾ ਦਿਲੀ ਦਾ, ਨਾਮ ਆਖਣ ਦੋਸਤੋ!

ਫੇਰ ਕਿਉਂਕਰ ਬੇਦਲੀਲੇ, ਹੋ ਗਵਾਣੀ ਜ਼ਿੰਦਗੀ?

-----

ਜ਼ਹਿਰ ਵੀ ਹੈ ਜ਼ਿੰਦਗੀ ਤੇ, ਸ਼ਹਿਦ ਵੀ ਹੈ ਜ਼ਿੰਦਗੀ।

ਪਾ ਲਵੇ ਕਰ ਆਸ ਰਿੜਕੇ, ਜੋ ਮਧਾਣੀ ਜ਼ਿੰਦਗੀ

------

ਜ਼ਿੰਦਗੀ ਦੀ ਤੋਰ ਨੂੰ ਹੀ, ਸ਼ਾਨ ਅਪਣੀ ਜਾਣ ਲੈ,

ਰੁਕ ਗਈ ਸ਼ਮਸ਼ਾਨ ਜਾਵੇ, ਹੋ ਪੁਰਾਣੀ ਜ਼ਿੰਦਗੀ

-----

ਰੱਖ ਨਾ ਵਾਧੂ ਗਿਲੇ ਤੂੰ, ਹੁਣ ਦਿਲਾਂ ਵਿਚ ਦੋਸਤਾ!

ਕਰ ਗਿਲੇ ਨਾ ਬੀਤ ਜਾਵੇ, ਵਿਚ ਗਿਲਾਨੀ ਜ਼ਿੰਦਗੀ

-----

ਦਾਤ ਹੈ ਅਣਮੋਲ ਇਹ ਤੇ, ਨਾ ਦੁਬਾਰਾ ਆਇਗੀ

ਨਾ ਗਵਾ ਤੂੰ ਯਾਰ ਮੇਰੇ, ਕਰ ਨਦਾਨੀ ਜ਼ਿੰਦਗੀ

No comments: