ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 16, 2009

ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਕੁਰਸੀ ਦੌੜ 'ਚ ਜਦ ਵੀ ਹੋਊ ਓਹੀ ਸ਼ਾਮਿਲ ਹੋਵੇਗਾ

ਜੋ ਲੋਕਾਂ ਨੂੰ ਝੂਠੇ ਲਾਰੇ ਲਾਉਣ ਦੇ ਕਾਬਿਲ ਹੋਵੇਗਾ

-----

ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ, ਅਪਣੀ ਮੰਜ਼ਿਲ ਪਾਉਣੀ ਜੇ,

ਜਿੱਤ ਨਹੀਂ ਤਾਂ 'ਹਾਰ ਦਾ ਕਾਰਨ', ਕੁਝ ਤਾਂ ਹਾਸਿਲ ਹੋਵੇਗਾ

-----

ਉਸਨੇ ਅਪਣੀ ਰਾਖੀ ਖ਼ਾਤਿਰ, ਐਨੀ ਗਾਰਦ ਰੱਖੀ ਹੈ,

ਸੋਚ ਲਵੋ ਲੋਕਾਂ ਦਾ ਨੇਤਾ, ਕਿੰਨਾ ਬੁਜ਼ਦਿਲ ਹੋਵੇਗਾ।

-----

ਫਿਰ ਤਾਂ ਕਿਸੇ ਬੇਦੋਸ਼ੇ ਨੂੰ ਹੀ, ਟੰਗਿਆ ਜਾਊ ਫਾਂਸੀ 'ਤੇ,

ਜੱਜਾਂ ਦੀ ਟੋਲੀ ਵਿੱਚ ਹੀ ਜੇ, ਬੈਠਾ ਕ਼ਾਤਿਲ ਹੋਵੇਗਾ

-----

ਤੇਰੀ ਮੰਜ਼ਿਲ ਪੂਰਬ ਹੈ ਤੇ ਮੇਰੀ ਮੰਜ਼ਿਲ ਪੱਛਮ ਹੈ,

ਫੇਰ ਕਿਵੇਂ ਦੱਸ ਤੇਰਾ ਮੇਰਾ ਇਕ ਹੀ ਸਾਹਿਲ ਹੋਵੇਗਾ

-----

ਪਲ ਵਿਚ ਮੁੱਖੜਾ ਮੋੜ ਗਿਆ ਏ, ' ਭੁੱਲ ਜਾ ਮੈਨੂੰ ' ਕਹਿ ਕੇ ਜੋ,

ਉਹ ਕੀ ਜਾਣੇ ਉਸਨੂੰ ਭੁੱਲਣਾ, ਕਿੰਨਾ ਮੁਸ਼ਕਿਲ ਹੋਵੇਗਾ

-----

ਕੁੱਖ ਵਿੱਚ ਕਤਲ ਕਰਾ ਕੇ ਧੀ ਨੂੰ, ਪੁੱਤ ਦੇ ਸੁਪਨੇ ਲੈਂਦੀ ਜੋ,

ਐਸੀ ਮਾਂ ਦੇ ਸੀਨੇ ਵਿਚ ਤਾਂ, ਪੱਥਰ ਦਾ ਦਿਲ ਹੋਵੇਗਾ

-----

ਅਪਣੇ ਆਪ ਤਾਂ ਕੁਝ ਨਈ ਆਉਂਦੈ, ਸਭ ਕੁਝ ਸਿਖਣਾ ਪੈਂਦਾ ਹੈ,

ਉਸਨੂੰ ਮੰਜ਼ਿਲ ਮਿਲਣੀ, ਜਿਸਦਾ ਮੁਰਸ਼ਦ ਕਾਮਿਲ ਹੋਵੇਗਾ

-----

ਟੇਢੇ-ਮੇਢੇ ਰਾਹਾਂ 'ਤੇ ਵੀ, ਤੁਰਨਾ ਪੈਂਦੈ ਜੀਵਨ ਵਿਚ ,

ਕਦਮ-ਕਦਮ 'ਤੇ ਠੋਕਰ ਖਾਊ, ਜੋ ਵੀ ਗਾਫ਼ਿਲ ਹੋਵੇਗਾ

-----

ਰਹਿਬਰ ਤਾਂ ਸਮਝਾਉਂਦੇ ਆਏ, ਬੰਦਾ ਬੰਦਾ' ਬਣਿਆ ਨਈ ,

ਆਸ ਨਹੀਂ ਸੀ 'ਮਹਿਰਮ', ਬੰਦਾ ਏਨਾ ਜਾਹਿਲ ਹੋਵੇਗਾ

No comments: