(ਵਿਸ਼ਵ ਸ਼ਾਂਤੀ ਲਈ ਪੁਕਾਰ)
ਨਜ਼ਮ
ਬੰਦਿਆ ਤੇਰੀ ਸੋਹਣੀ ਧਰਤੀ, ਤੇਰਾ ਰੈਣ ਬਸੇਰਾ ਹੈ ।
ਤੇਰਾ ਜੱਗ ਜਹਾਨ ਚੌਗਿਰਦਾ, ਤੇਰਾ ਚਾਰ ਚੁਫੇਰਾ ਹੈ ।
ਹਰ ਥਾਂ ਏਥੇ ਅਮਨ ਸ਼ਾਂਤੀ, ਪਿਆਰ ਦੇ ਫੁੱਲ ਖਿੜਾਈ ਜਾ ।
ਵੰਡ ਕੇ ਖ਼ੁਸ਼ੀਆਂ ਖੇੜੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ ।
-----
ਲੱਖ ਅਕਾਸ਼ ਪਤਾਲਾਂ ਅੰਦਰ, ਕਿਣਕੇ ਮਾਤਰ ਤੇਰੀ ਧਰਤੀ ।
ਇਸ ਧਰਤੀ ਤੇ ਜ਼ੱਰੇ ਵਾਂਗੂੰ, ਕਿੰਨੀ ਤੁੱਛ ਏ ਤੇਰੀ ਹਸਤੀ ।
ਏਹੋ ਜਾਣ ਸਚਾਈ ਫਿਰ ਵੀ, ਬਹੁਤਾ ਨਾ ਅਫਰਾਈ ਜਾ ।
ਨੇਕੀ ਪ੍ਰੇਮ ਹਲੀਮੀ ਲੈ ਕੇ, ਦੁਨੀਆਂ ਸੁਰਗ ਬਣਾਈ ਜਾ ।
-----
ਅੱਵਲ ਅੱਲਾ ਨੂਰ ਉਪਾਇਆ, ਸਾਰੇ ਇੱਕੋ ਨੂਰ ਸਿਤਾਰੇ ।
ਉੱਤਰ ਦੱਖਣ ਪੂਰਬ ਪੱਛਮ, ਇੱਕ ਹੀ ਗੋਰੇ ਕਾਲੇ ਸਾਰੇ ।
ਅਰਸ਼ੀ ਪੀਂਘ ਦੇ ਰੰਗਾਂ ਵਾਂਗੂੰ, ਸਾਂਝਾ ਸੁਹਜ ਸਜਾਈ ਜਾ ।
ਇਕੋ ਰੰਗ ਸਮੋ ਕੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ ।
-----
ਸਾੜ ਫੂਕ ਤੇ ਜੰਗਾਂ ਯੁੱਧਾਂ, ਮਾਰ ਮਰਾਈਆ ਚਾਰ ਚੁਫ਼ੇਰੇ ।
ਡਰ ਸਹਿਮ ਤੇ ਭੁੱਖ ਲਾਚਾਰੀ, ਹੁੰਦੇ ਮਾਨਵ ਘਾਣ ਬਥੇਰੇ ।
ਦੁੱਖ ਮੁਸੀਬਤ ਰਗੜੇ ਝਗੜੇ, ਸਭ ਦੀ ਅਲਖ ਮੁਕਾਈ ਜਾ ।
ਛੱਡ ਕੇ ਹੈਂਕੜ ਸਾੜਾ ਲਾਲਚ, ਦੁਨੀਆਂ ਸੁਰਗ ਬਣਾਈ ਜਾ ।
No comments:
Post a Comment